ਚੰਡੀਗੜ੍ਹ 15,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਕ੍ਰਿਕਟ ਖਿਡਾਰੀ ਹਰਭਜਨ ਸਿੰਘ ਦੇ ਸਿਆਸਤ ਵਿੱਚ ਆਉਣ ਬਾਰੇ ਮੁੜ ਚਰਚੇ ਛਿੜ ਗਏ ਹਨ। ਇਸ ਬੀਜੇਪੀ ਨਹੀਂ ਸਗੋਂ ਕਾਂਗਰਸ ਵਿੱਚ ਜਾਣ ਦੀ ਚਰਚਾ ਹੈ। ਇਸ ਚਰਚਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਹਰਭਜਨ ਸਿੰਘ ਨਾਲ ਇੱਕ ਤਸਵੀਰ ਸ਼ੇਅਰ ਕਰਨ ਮਗਰੋਂ ਛਿੜੀ ਹੈ। ਉਂਝ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ।
ਦਰਅਸਲ ਪਿਛਲੀ ਦਿਨੀਂ ਚਰਚਾ ਛਿੜੀ ਸੀ ਕਿ ਕ੍ਰਿਕਟਰ ਹਰਭਜਨ ਸਿੰਘ ਭਾਜਪਾ ‘ਚ ਸ਼ਾਮਲ ਹੋ ਰਹੇ ਹਨ। ਸੋਸ਼ਲ ਮੀਡੀਆ ‘ਤੇ ਹਰਭਜਨ ਸਿੰਘ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲੀਆਂ ਸਨ, ਜਿਸ ਨੂੰ ਹਰਭਜਨ ਸਿੰਘ ਨੇ ਫੇਕ ਨਿਊਜ਼ ਕਰਾਰ ਦਿੱਤਾ ਸੀ। ਹਰਭਜਨ ਦੇ ਨਾਲ-ਨਾਲ ਕ੍ਰਿਕਟਰ ਯੁਵਰਾਜ ਸਿੰਘ ਦੇ ਭਾਜਪਾ ‘ਚ ਸ਼ਾਮਲ ਹੋਣ ਦੀ ਵੀ ਚਰਚਾ ਸੀ।
ਹਰਭਜਨ ਸਿੰਘ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ। ਸਾਲ 2017 ਵਿੱਚ ਵੀ ਹਰਭਜਨ ਸਿੰਘ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਜਲੰਧਰ ਤੋਂ ਚੋਣ ਲੜਨ ਦੀ ਚਰਚਾ ਸੀ। ਹਾਲਾਂਕਿ, ਅਜਿਹਾ ਕੁਝ ਨਹੀਂ ਹੋਇਆ। ਹਰਭਜਨ ਨੇ ਕਦੇ ਵੀ ਸਿਆਸੀ ਪਾਰੀ ਤੋਂ ਇਨਕਾਰ ਨਹੀਂ ਕੀਤਾ। ਅਜਿਹੇ ‘ਚ ਅਕਸਰ ਹੀ ਉਨ੍ਹਾਂ ਦੇ ਸਿਆਸੀ ਦਲਾਂ ‘ਚ ਸ਼ਾਮਲ ਹੋ ਕੇ ਚੋਣ ਲੜਨ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ।
ਦਰਅਸਲ ਪਹਿਲੀ ਵਾਰ ਭਾਜਪਾ ਪੰਜਾਬ ਵਿੱਚ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜ ਰਹੀ ਹੈ। ਦੂਜੇ ਪਾਸੇ ਕਿਸਾਨ ਅੰਦੋਲਨ ਕਾਰਨ ਸਿੱਖਾਂ ਦੇ ਸਾਹਮਣੇ ਭਾਜਪਾ ਦਾ ਅਕਸ ਖਰਾਬ ਹੋਇਆ ਹੈ, ਜਿਸ ਨੂੰ ਸੁਧਾਰਨ ਲਈ ਭਾਜਪਾ ਲਗਾਤਾਰ ਵੱਡੇ ਸਿੱਖ ਚਿਹਰਿਆਂ ‘ਤੇ ਦਾਅ ਖੇਡ ਰਹੀ ਹੈ। ਖੁਦ ਭਾਜਪਾ ਆਗੂ ਵੀ ਕਹਿ ਰਹੇ ਹਨ ਕਿ ਪੰਜਾਬ ਦੇ ਦਿੱਗਜ ਸਿੱਖ ਚਿਹਰੇ ਉਨ੍ਹਾਂ ਦੇ ਸੰਪਰਕ ਵਿੱਚ ਹਨ। ਜੋ ਜਲਦੀ ਹੀ ਪਾਰਟੀ ਵਿੱਚ ਸ਼ਾਮਲ ਹੋਣਗੇ।