ਮਾਨਸਾ, 14 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਸਮੇਤ ਹੋਰ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਰਾਜਪਾਲ ਪੰਜਾਬ ਨੂੰ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰਪਾਲ ਨੇ ਜ਼ਿਲ੍ਹਾ ਮਾਨਸਾ ਸਬੰਧੀ ਸੰਖੇਪ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਅਪ੍ਰੈਲ 1992 ਵਿਚ ਮਾਨਸਾ ਨੂੰ ਜ਼ਿਲ੍ਹੇ ਦਾ ਦਰਜ਼ਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਅੰਦਰ ਕੁੱਲ 5 ਲੱਖ 89 ਹਜ਼ਾਰ 804 ਵੋਟਰ ਹਨ। ਉਨ੍ਹਾਂ ਪਿੰਡ ਬਣਾਂਵਾਲੀ ਵਿਖੇ 2100 ਏਕੜ ’ਚ 1980 ਮੈਗਾਵਾਟ ਦੀ ਸਮਰੱਥਾ ਵਾਲੇ ਧਰਮਲ ਪਲਾਂਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਰਾਜਪਾਲ ਪੰਜਾਬ ਵੱਲੋਂ ਜ਼ਿਲ੍ਹੇ ਅੰਦਰ ਖੇਤੀਬਾੜੀ ਦੇ ਖਿੱਤੇ ਨਾਲ ਸਬੰਧਤ ਜਾਣਕਾਰੀ ਲਈ ਗਈ ਅਤੇ ਮਾਨਸਾ ਦੇ ਮਾਣਮੱਤੇ ਇਤਿਹਾਸ ਅਤੇ ਹਰ ਘਰ ਪੀਣ ਵਾਲੇ ਪਾਣੀ ਦੀ ਪਹੁੰਚ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਰਕਾਰ ਦੀਆਂ ਭਲਾਈ ਯੋਜਨਾਵਾਂ ਯੋਗ ਲਾਭਪਾਤਰੀਆਂ ਤੱਕ ਪੁੱਜਦੀਆਂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ। ਉਨ੍ਹਾ ਕਿਹਾ ਕਿ ਹਰੇਕ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਨੂੰ ਡਿਊਟੀ ਪ੍ਰਤੀ ਇਮਾਨਦਾਰ ਹੋ ਕੇ ਸਮਾਂਬੱਧ ਢੰਗ ਨਾਲ ਕੰਮ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰਪਾਲ, ਐਸ.ਐਸ.ਪੀ. ਸੰਦੀਪ ਗਰਗ, ਐਸ.ਡੀ.ਐਮ ਮਾਨਸਾ ਹਰਜਿੰਦਰ ਸਿੰਘ ਜੱਸਲ, ਡੀ.ਐਸ.ਪੀ ਮਨਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ।
ਤਸਵੀਰ: ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪੁਰੋਹਿਤ ਪੁਲਿਸ ਲਾਈਨ ਵਿਖੇ ਡਿਪਟੀ ਕਮਿਸ਼ਨਰ, ਐਸ.ਐਸ.ਪੀ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ