ਸਿੰਘੂ ਬਾਰਡਰ 11,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਦਿੱਲੀ ਬਾਰਡਰ ਤੋਂ ਕਿਸਾਨਾਂ ਦੀ ਘਰ ਵਾਪਸੀ ਸ਼ੁਰੂ ਹੋ ਗਈ ਹੈ। ਸਿੰਘੂ ਬਾਰਡਰ ਤੋਂ ਪਰਤਣ ਸਮੇਂ ਕਿਸਾਨ ਉਥੋਂ ਮਿੱਟੀ ਵੀ ਲੈ ਕੇ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਅਜਿਹੀ ਯਾਦਗਾਰ ਹੋਵੇਗੀ, ਜੋ ਸਰਕਾਰ ਨੂੰ ਸਬਕ ਅਤੇ ਪੀੜ੍ਹੀ ਦਰ ਪੀੜ੍ਹੀ ਕਿਸਾਨਾਂ ਦੇ ਸੱਤਿਆਗ੍ਰਹਿ ਦੀ ਯਾਦ ਦਿਵਾਏਗੀ।ਅਸੀਂ ਜਿਉਂਦੇ ਰਹੀਏ ਜਾਂ ਨਾ ਰਹੀਏ, ਇਹ ਬੇਜਾਨ ਮਿੱਟੀ ਅਤੇ ਇੱਟਾਂ 380 ਦਿਨ ਦੀ ਲਹਿਰ ਨੂੰ ਜਿੰਦਾ ਰੱਖਣਗੀਆਂ।
ਇਹ ਅੰਦੋਲਨ ਕੇਂਦਰ ਸਰਕਾਰ ਦੇ 3 ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿੱਚ ਸ਼ੁਰੂ ਕੀਤਾ ਗਿਆ ਸੀ। ਪਹਿਲਾਂ ਪੰਜਾਬ ਤੇ ਫਿਰ ਦਿੱਲੀ ਬਾਰਡਰ ‘ਤੇ ਲਗਾਤਾਰ ਅੰਦੋਲਨ ਹੁੰਦਾ ਰਿਹਾ। ਅਖ਼ੀਰ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਅਤੇ ਤਿੰਨੋਂ ਖੇਤੀ ਕਾਨੂੰਨ ਇੱਕੋ ਦਿਨ ਵਿੱਚ ਵਾਪਸ ਲੈ ਲਏ ਗਏ।
ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਮਿੱਟੀ ਸਤਿਆਗ੍ਰਹਿ ਵੀ ਕੀਤਾ, ਜਿਸ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਮਿੱਟੀ ਲੈ ਕੇ ਸਿੰਘੂ ਬਾਰਡਰ ‘ਤੇ ਪੁੱਜੇ।ਜਿਸ ਰਾਹੀਂ ਕੇਂਦਰ ਦੇ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੀ ਹਮਾਇਤ ਦਾ ਪ੍ਰਗਟਾਵਾ ਕੀਤਾ ਗਿਆ। 30 ਮਾਰਚ ਤੋਂ 6 ਅਪ੍ਰੈਲ ਤੱਕ ਕਿਸਾਨਾਂ ਨੇ ਮਿੱਟੀ ਸੱਤਿਆਗ੍ਰਹਿ ਯਾਤਰਾ ਵੀ ਕੱਢੀ। ਇਹ ਯਾਤਰਾ ਗੁਜਰਾਤ ਤੋਂ ਸ਼ੁਰੂ ਹੋ ਕੇ ਰਾਜਸਥਾਨ, ਹਰਿਆਣਾ, ਪੰਜਾਬ ਤੋਂ ਹੁੰਦੀ ਹੋਈ ਦਿੱਲੀ ਦੀ ਸਰਹੱਦ ‘ਤੇ ਕਿਸਾਨਾਂ ਦੇ ਸਾਰੇ ਮੋਰਚਿਆਂ ‘ਤੇ ਪਹੁੰਚੀ। ਕਿਸਾਨ ਜਥੇਬੰਦੀਆਂ ਦੇ ਸਾਥੀ ਦੇਸ਼ ਭਰ ਦੇ 23 ਰਾਜਾਂ ਦੇ 1500 ਪਿੰਡਾਂ ਤੋਂ ਮਿੱਟੀ ਲੈ ਕੇ ਇਸ ਯਾਤਰਾ ਨਾਲ ਜੁੜੇ ਹੋਏ ਸਨ।
ਇੱਕ ਸਾਲ ਤੋਂ ਵੱਧ ਸਮਾਂ ਚੱਲਿਆ ਕਿਸਾਨ ਅੰਦੋਲਨ ਸ਼ਾਂਤਮਈ ਰਿਹਾ। 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਹਿੰਸਾ ਨੂੰ ਛੱਡ ਕੇ ਕਿਸਾਨ ਅੰਦੋਲਨ ਸਬੰਧੀ ਕੋਈ ਵੱਡੀ ਹਿੰਸਕ ਘਟਨਾ ਨਹੀਂ ਵਾਪਰੀ। ਹਾਲਾਂਕਿ, ਕਿਸਾਨ ਜਥੇਬੰਦੀਆਂ ਨੇ ਲਾਲ ਕਿਲੇ ਦੀ ਹਿੰਸਾ ਵਿੱਚ ਸ਼ਾਮਲ ਲੋਕਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ। ਇਸ ਦੇ ਬਾਵਜੂਦ ਇਸ ਅੰਦੋਲਨ ਵਿੱਚ 700 ਤੋਂ ਵੱਧ ਲੋਕ ਮਾਰੇ ਗਏ। ਉਂਝ ਕੜਾਕੇ ਦੀ ਗਰਮੀ, ਕੜਾਕੇ ਦੀ ਠੰਢ, ਤੇਜ਼ ਬਾਰਸ਼ ਤੇ ਝੱਖੜ ਵਿੱਚ ਵੀ ਕਿਸਾਨ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਸਰਹੱਦਾਂ ’ਤੇ ਡਟੇ ਰਹੇ।