ਨਵੀਂ ਦਿੱਲੀ 05,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਘਰ ਅੱਗੇ ਧਰਨੇ ‘ਤੇ ਬੈਠ ਗਏ। ਦਿੱਲੀ ਦੇ ਗੈਸਟ ਟੀਚਰਾਂ (Guest Teachers) ਦੀਆਂ ਮੰਗਾਂ ਨੂੰ ਲੈ ਕੇ ਨਵਜੋਤ ਸਿੱਧੂ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠੇ ਨਵਜੋਤ ਸਿੱਧੂ ਨੇ ਵੀ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨਾਅਰਾ ਬੁਲੰਦ ਕੀਤਾ, ‘ਉਚੀ ਦੁਕਾਨ ਫਿੱਕੇ ਪਕਵਾਨ’। ਇਸ ਪ੍ਰਦਰਸ਼ਨ ਵਿੱਚ ਨਵਜੋਤ ਸਿੱਧੂ ਆਲ ਇੰਡੀਆ ਗੈਸਟ ਟੀਚਰਜ਼ ਐਸੋਸੀਏਸ਼ਨ (AIGTA) ਦਾ ਸਮਰਥਨ ਕਰ ਰਹੇ ਹਨ।
ਗੈਸਟ ਟੀਚਰਾਂ ਤੋਂ ਕਰਵਾਈ ਜਾ ਰਹੀ ਦਿਹਾੜੀ-ਸਿੱਧੂ
ਸਿੱਧੂ ਨੇ ਪੁੱਛਿਆ ਕਿੱਥੇ ਹੈ ਅਰਵਿੰਦ ਕੇਜਰੀਵਾਲ? ਦਿੱਲੀ ਵਿੱਚ 22 ਹਜ਼ਾਰ ਗੈਸਟ ਟੀਚਰਾਂ ਤੋਂ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਤੋਂ ਦਿਹਾੜੀ ਮਜ਼ਦੂਰੀ ਕਰਵਾਈ ਜਾ ਰਹੀ ਹੈ। ਨੀਤੀ ਬਣਾ ਕੇ ਵਿਕਾਸ ਕਰਵਾਉਣਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਨੇ ਜਾਲ ਵਿਛਾ ਦਿੱਤਾ ਹੈ। ਮੈਂ ਉਨ੍ਹਾਂ ਦੇ ਰੇਤ ਦੇ ਕਿਲ੍ਹੇ ਨੂੰ ਤੋੜ ਕੇ ਜਾਵਾਂਗਾ
ਦਿੱਲੀ ਦਾ ਸਿੱਖਿਆ ਮਾਡਲ ਕੰਟਰੈਕਟ ਮਾਡਲ- ਸਿੱਧੂ
ਨਵਜੋਤ ਸਿੱਧੂ ਨੇ ਟਵੀਟ ਕੀਤਾ, ‘ਦਿੱਲੀ ਦਾ ਸਿੱਖਿਆ ਮਾਡਲ ਕੰਟਰੈਕਟ ਮਾਡਲ ਹੈ। ਦਿੱਲੀ ਵਿੱਚ 1031 ਸਰਕਾਰੀ ਸਕੂਲ ਹਨ ਜਦਕਿ ਸਿਰਫ਼ 196 ਸਕੂਲਾਂ ਵਿੱਚ ਪ੍ਰਿੰਸੀਪਲ ਹਨ। ਅਧਿਆਪਕਾਂ ਦੀਆਂ 45% ਅਸਾਮੀਆਂ ਖਾਲੀ ਹਨ ਤੇ 22,000 ਗੈਸਟ ਟੀਚਰਾਂ ਨੂੰ ਡੇਲੀ ਵੇਜ਼ ਦੇ ਕੇ ਸਰਕਾਰੀ ਸਕੂਲ ਚਲਾਏ ਜਾ ਰਹੇ ਹਨ, ਹਰ 15 ਦਿਨਾਂ ਬਾਅਦ ਠੇਕੇ ਰੀਨਿਊ ਕੀਤੇ ਜਾਂਦੇ ਹਨ।
ਪੰਜਾਬ ‘ਚ ਅਧਿਆਪਕਾਂ ਨੂੰ ਲਾਲਚ ਦੇ ਰਿਹਾ ਕੇਜਰੀਵਾਲ: ਸਿੱਧੂ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਅਧਿਆਪਕਾਂ ਨੂੰ ਲਾਲਚ ਦੇ ਰਹੇ ਹਨ ਪਰ ਉਹ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਨੇ ਦਿੱਲੀ ਦੇ ਗੈਸਟ ਟੀਚਰਾਂ ਲਈ ਕੀ ਕੀਤਾ ਹੈ?
ਕਾਬਲੇਗੌਰ ਹੈ ਕਿ ਹਾਲ ਹੀ ‘ਚ ਅਰਵਿੰਦ ਕੇਜਰੀਵਾਲ ਨੇ ਪੰਜਾਬ ਪਹੁੰਚ ਕੇ ਅਧਿਆਪਕਾਂ ਨਾਲ ਧਰਨਾ ਦਿੱਤਾ ਸੀ। ਮੁੱਖ ਮੰਤਰੀ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਅਧਿਆਪਕਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ।