ਬੁਢਲਾਡਾ – 4 ਦਸੰਬਰ –(ਸਾਰਾ ਯਹਾਂ/ਅਮਨ ਮੇਹਤਾ ) – ਅੱਜ ਨਰਮਾ ਉਤਪਾਦਕ ਕਿਸਾਨਾਂ ਦੀ ਪ੍ਰਾਈਵੇਟ ਵਪਾਰੀਆਂ ਵੱਲੋਂ ਸਿਰਫ ਚਾਰ – ਪੰਜ ਹਜ਼ਾਰ ਪ੍ਰਤੀ ਕੁਇੰਟਲ ਖਰੀਦਣ ਦੀ ਲੁੱਟ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਬੁਢਲਾਡਾ – ਭੀਖੀ ਮੁੱਖ ਸੜਕ ‘ਤੇ ਆਵਾਜਾਈ ਠੱਪ ਕੀਤੀ। ਇਸ ਉਪਰੰਤ ਪੁਲਿਸ ਅਤੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੇ ਦਖਲ ਦੇ ਕੇ ਵਪਾਰੀਆਂ ਨੂੰ ਸੱਦਕੇ ਨਰਮੇ ਦੀ ਬੋਲੀ ਸ਼ੁਰੂ ਕਰਵਾਈ। ਜੋ ਲਗਭੱਗ 7800 ਰੁਪਏ ਪ੍ਰਤੀ ਕੁਇੰਟਲ ਤੱਕ ਨਰਮਾ ਵਿੱਕਿਆ। ਇਸ ਮੌਕੇ , ਪੰਜਾਬ ਕਿਸਾਨ ਸਭਾ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਤੋਂ ਇਲਾਵਾ ਹਰਿੰਦਰ ਸਿੰਘ ਸੋਢੀ ,ਕੁਲਦੀਪ ਸਿੰਘ ਮੰਢਾਲੀ ਅਤੇ ਕਰਨੈਲ ਸਿੰਘ ਅਹਿਮਦਪੁਰ ਨੇ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕਰੋਨਾ ਦੇ ਨਵੇਂ ਵਾਇਰਸ ਦਾ ਬਹਾਨਾ ਬਣਾਕੇ ਨਰਮੇ ਨੂੰ ਘੱਟ ਭਾਅ ‘ਤੇ ਖਰੀਦਿਆ ਜਾ ਰਿਹਾ ਹੈ। ਪ੍ਰਾਈਵੇਟ ਵਪਾਰੀ ਮਨਮਰਜ਼ੀ ਦੇ ਰੇਟ ‘ਤੇ ਕਿਸਾਨਾਂ ਦੀ ਅੰਨੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚੰਨੀ ਅਤੇ ਪ੍ਰਸ਼ਾਸਨ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਨਰਮਾ ਉਤਪਾਦਕਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਭਵਿੱਖ ਵਿੱਚ ਅਜਿਹੀ ਦਿੱਕਤ ਆਈ ਤਾਂ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ।