ਬਰਨਾਲਾ 03,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੀਆਂ 32 ਜਥੇਬੰਦੀਆਂ ‘ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 429ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਪੰਜਾਬ ਵਿੱਚ ਯੂਰੀਆ ਖਾਦ ਦੀ ਕਿੱਲਤ ਦੇ ਮੁੱਦੇ ਨੂੰ ਫਿਰ ਉਭਾਰਿਆ।
ਕਿਸਾਨ ਲੀਡਰਾਂ ਨੇ ਕਿਹਾ ਕਿ ਪਹਿਲਾਂ ਕਿਸਾਨ ਕਣਕ ਦੀ ਬਿਜਾਈ ਸਮੇਂ ਡੀਏਪੀ ਖਾਦ ਦੇ ਘਾਟ ਕਾਰਨ ਦਰ ਦਰ ਭੜਕਦੇ ਰਹੇ। ਹੁਣ ਯੂਰੀਏ ਦੀ ਘਾਟ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਕਣਕ ਦੀ ਫਸਲ ਦੇ ਫੁਟਾਰੇ ਲਈ ਇਹ ਬਹੁਤ ਨਾਜ਼ਕ ਦੌਰ ਹੈ ਜਦੋਂ ਯੂਰੀਆ ਦੀ ਖਾਦ ਪਾਉਣ ਦੀ ਬਹੁਤ ਜਰੂਰਤ ਹੁੰਦੀ ਹੈ। ਖਾਦ ਦੀ ਘਾਟ ਕਾਰਨ ਕਣਕ ਦਾ ਝਾੜ ਘਟਣ ਦਾ ਖਦਸ਼ਾ ਹੈ। ਸਰਕਾਰ ਤੁਰੰਤ ਯੂਰੀਆ ਖਾਦ ਦੀ ਲੋੜੀਂਦੀ ਸਪਲਾਈ ਦਾ ਪ੍ਰਬੰਧ ਕਰੇ।
ਬੁਲਾਰਿਆਂ ਨੇ ਅੱਜ ਤਿਲੰਗਾਨਾ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦੀਆਂ ਖਬਰਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿਲੰਗਾਨਾ ਵਿੱਚ ਸਿਰਫ 40 ਲੱਖ ਟਨ ਝੋਨਾ ਹੀ ਖਰੀਦਿਆ ਗਿਆ ਜਦੋਂਕਿ ਉਥੋਂ ਦੀ ਰਾਜ ਸਰਕਾਰ 90 ਲੱਖ ਟਨ ਖਰੀਦਣ ਦੀ ਮੰਗ ਕਰ ਰਹੀ ਹੈ। ਖਰੀਦਦਾਰ ਨਾ ਹੋਣ ਕਾਰਨ ਕਿਸਾਨ ਮਾਯੂਸ ਹੋ ਕੇ ਖੁਦਕੁਸ਼ੀਆਂ ਕਰਨ ਲੱਗੇ ਹਨ। ਆਗੂਆਂ ਨੇ ਕਿਹਾ ਕਿ ਇਸ ਵਰਤਾਰੇ ਨੇ ਇਸ ਮੰਗ ਨੂੰ ਇੱਕ ਵਾਰ ਫਿਰ ਉਭਾਰ ਦਿੱਤਾ ਹੈ ਕਿ ਸਿਰਫ ਐਮਐਸਪੀ ਦੀ ਹੀ ਨਹੀਂ ਸਗੋਂ ਖਰੀਦ ਦੀ ਵੀ ਗਾਰੰਟੀ ਮਿਲਣੀ ਚਾਹੀਦੀ ਹੈ।
ਅੱਜ ਬੁਲਾਰਿਆਂ ਨੇ ਮੌਜੂਦਾ ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣੇ ਇਸ ਅੰਦੋਲਨ ਦੀ ਬਹੁਤ ਸ਼ਾਨਾਂਮੱਤੀ ਪ੍ਰਾਪਤੀ ਹੈ ਜੋ ਸਿੱਧੇ ਤੌਰ ‘ਤੇ ਨਜ਼ਰ ਆਉਂਦੀ ਹੈ ਪਰ ਇਸ ਤੋਂ ਇਲਾਵਾ ਇਸ ਅੰਦੋਲਨ ਨੇ ਅਸਿੱਧੇ ਤੌਰ ‘ਤੇ ਹੋਰ ਵੀ ਬਹੁਤ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਪ੍ਰਾਪਤੀ ਅੰਦੋਲਨਕਾਰੀਆਂ ਵਿੱਚ ਜਥੇਬੰਦਕ ਏਕੇ ਦੀ ਤਾਕਤ ਦੇ ਅਹਿਸਾਸ ਪੈਦਾ ਕਰਨਾ ਹੈ
ਸਰਕਾਰਾਂ ਮੂਹਰੇ ਨਿਤਾਣੇ ਮਹਿਸੂਸ ਕਰਨ ਵਾਲੇ ਲੋਕਾਂ ਨੂੰ ਹੁਣ ਅਹਿਸਾਸ ਹੋ ਗਿਆ ਹੈ ਕਿ ਉਹ ਆਪਣੇ ਏਕੇ ਦੇ ਬਲ ਨਾਲ ਆਪਣੀ ਪੁੱਗਤ ਬਣਾ ਸਕਦੇ ਹਨ ਤੇ ਆਪਣੇ ਮਸਲੇ ਹੱਲ ਕਰਵਾ ਸਕਦੇ ਹਨ। ਭਵਿੱਖ ਦੇ ਅੰਦੋਲਨਾਂ ਲਈ ਜਥੇਬੰਦਕ ਏਕੇ ਦੇ ਇਸੇ ਅਹਿਸਾਸ ਨੇ ਮਜ਼ਬੂਤੀ ਬਖਸ਼ਣੀ ਹੈ