ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਪ੍ਰੋ ਧਰਮਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਆਰਥਿਕ ਪੱਖੋਂ ਗਰੀਬ ਹਰ ਵਰਗ ਦੇ ਲੋਕਾਂ ਉੱਤੇ ਲਾਗੂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਉਹਨਾਂ ਦੱਸਿਆ ਕਿ ਪੰਜਾਬ ਬੁਧੀਜੀਵੀ ਸੈਲ ਦੇ ਚੇਅਰਮੈਨ ਸ੍ਰੀ ਅਨੀਸ਼ ਸਿਡਾਨਾ, ਅਰੋੜਾ ਖੱਤਰੀ ਮਹਾਂਸਭਾ, ਪੰਜਾਬ ਬ੍ਰਾਹਮਣ ਸਭਾ ਪਿਛਲੇ ਕਾਫੀ ਸਮੇਂ ਤੋਂ ਇਹ ਮੰਗ ਕਰ ਰਹੇ ਸਨ। ਇਸ ਸਬੰਧੀ ਸ੍ਰੀ ਸਿਡਾਨਾ ਦੀਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਮੁਲਾਕਾਤਾਂ ਵੀ ਹੋਈਆਂ । ਪੰਜਾਬ ਸਰਕਾਰ ਵੱਲੋਂ ਪੰਜਾਬ ਅਰੋੜਾ ਖੱਤਰੀ ਵੈਲਫੇਅਰ ਬੋਰਡ ਅਤੇ ਪੰਜਾਬ ਬ੍ਰਾਹਮਣ ਵੈਲਫ਼ੇਅਰ ਬੋਰਡ ਤਾਂ ਸਥਾਪਿਤ ਕਰ ਦਿੱਤੇ ਗਏ ਸਨ ਪਰੰਤੂ ਇਹ ਮੁੱਖ ਮੰਗ ਤੇ ਸਰਕਾਰ ਨੇ ਉਸ ਸਮੇਂ ਕੋਈ ਕਾਰਵਾਈ ਨਹੀਂ ਕੀਤੀ ਸੀ। ਅੱਜ ਪੰਜਾਬ ਸਰਕਾਰ ਨੇ ਇਹ ਮੰਗ ਮੰਨ ਕੇ ਅਰੋੜਾ ਖੱਤਰੀ ਜਾਂ ਬ੍ਰਾਹਮਣ ਹੀ ਨਹੀਂ ਹਰ ਵਰਗ ਦੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੇ ਬੱਚਿਆਂ ਲਈ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਨਾਲ ਰਾਜ ਵਿੱਚ ਸਮਾਜਿਕ ਸੁਰੱਖਿਆ ਅਤੇ ਆਪਸੀ ਸਹਿਚਾਰ ਦਾ ਪੱਧਰ ਉੱਚਾ ਹੋਵੇਗਾ।