ਬੁਢਲਾਡਾ 1 ਦਸੰਬਰ (ਸਾਰਾ ਯਹਾਂ/ਅਮਨ ਮੇਹਤਾ) – ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਸਬੰਧੀ ਪੈਦਾ ਹੋਏ ਰੇੜਕੇ ਨੂੰ ਸੀਨੀਅਰ ਵਕੀਲਾਂ ਨੇ ਦਖਲ ਦੇ ਕੇ ਖਤਮ ਕਰ ਦਿੱਤਾ ਹੈ ਅਤੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦੀ ਸਰਬ-ਸੰਮਤੀ ਨਾਲ ਚੋਣ ਕਰ ਦਿੱਤੀ ਹੈ। ਨਵੀਂ ਚੋਣ ਵਿੱਚ ਸੁਖਦਰਸ਼ਨ ਸਿੰਘ ਚੌਹਾਨ ਪ੍ਰਧਾਨ, ਸਵਰਨਜੀਤ ਸਿੰਘ ਦਲਿਓ ਜਨਰਲ ਸਕੱਤਰ, ਗੁਰਿੰਦਰ ਮੰਗਲਾ ਉਪ ਪ੍ਰਧਾਨ ਅਤੇ ਮੋਹਿਤ ਉੱਪਲ ਸੰਯੁਕਤ ਸਕੱਤਰ ਚੁਣੇ ਗਏ ਹਨ। ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਸਾਰੇ ਵਕੀਲ ਸਾਹਿਬਾਨਾਂ ਦੀ ਸਹਿਮਤੀ ਨਾਲ ਤਿੰਨ ਮੈਂਬਰੀ ਕਮੇਟੀ ਜੋ ਕਿ ਸੀਨੀਅਰ ਐਡਵੋਕੇਟ ਸੁਧੀਰ ਕੁਮਾਰ ਗਰਗ, ਸੀਨੀਅਰ ਐਡਵੋਕੇਟ ਵਿਜੇ ਕੁਮਾਰ ਗੋਇਲ ਅਤੇ ਐਡਵੋਕੇਟ ਨਵਨੀਤ ਸਿੰਗਲਾ ‘ਤੇ ਅਧਾਰਿਤ ਸੀ। ਵਕੀਲਾਂ ਦੇ ਹਾਊਸ ਨੇ ਇਸ ਕਮੇਟੀ ਨੂੰ ਅਗਲੇ ਸਾਲ ਲਈ ਪ੍ਰਧਾਨ ਸਮੇਤ ਅਹੁਦੇਦਾਰ ਚੁਣਨ, ਐਸੋਸੀਏਸ਼ਨ ਦਾ ਸੰਵਿਧਾਨ ਅਤੇ ਨਿਯਮ ਬਣਾਉਣ ਆਦਿ ਸਬੰਧੀ ਸਹਿਮਤੀ ਦੇ ਦਿੱਤੀ। ਇਸ ਪੈੱਨਲ ਨੂੰ ਵਕੀਲ ਸਾਹਿਬਾਨਾਂ ਦੇ ਹਾਊਸ ਨੇ ਪ੍ਰਵਾਨ ਕਰ ਲਿਆ। ਐਡਵੋਕੇਟ ਦਲਿਓ ਨੇ ਦੱਸਿਆ ਕਿ ਇਸ ਪੂਰੀ ਪ੍ਰਕਿਰਿਆ ਵਿੱਚ ਬੁਢਲਾਡਾ ਦੇ ਮਾਣਯੋਗ ਜੱਜ ਸਾਹਿਬਾਨਾਂ ਦਾ ਪੂਰਾ ਸਹਿਯੋਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੇਂ ਚੁਣੇ ਸਾਰੇ ਅਹੁਦੇਦਾਰ ਬਾਰ ਐਸੋਸੀਏਸ਼ਨ ਬੁਢਲਾਡਾ ਵਿੱਚ ਸਦਭਾਵਨਾ ਵਾਲਾ ਮਾਹੌਲ ਕਾਇਮ ਰੱਖਣਗੇ ਅਤੇ ਵਕੀਲ ਸਾਹਿਬਾਨਾਂ ਦੇ ਹੱਕਾਂ ਹਿੱਤਾਂ ਲਈ ਤਨਦੇਹੀ ਤੇ ਸਰਗਰਮੀ ਨਾਲ ਕੰਮ ਕਰਨਗੇ।