ਮਾਨਸਾ 01 ਦਸੰਬਰ(ਸਾਰਾ ਯਹਾਂ/ਔਲਖ ) :ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਐਨ.ਐਚ.ਐਮ ਕਰਮਚਾਰੀਆਂ ਵੱਲੋਂ 16 ਨਵੰਬਰ 2021 ਤੋਂ ਲੈ ਕੇ ਲਗਾਤਰ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਇਸੇ ਸਬੰਧ ਵਿੱਚ ਕੱਲ ਖਰੜ ਵਿਖੇ ਐਨ.ਐਚ.ਐਮ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨੈਸ਼ਨਲ ਹਾਈ ਵੇ ਅਤੇ ਟੀ ਪੁਆਇੰਟ ਜਾਮ ਕੀਤਾ ਗਿਆ।ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਸਿਹਤ ਵਿਭਾਗ ਅਧੀਨ ਕੰਮ ਕਰਦੇ ਠੇਕਾ ਮੁਲਾਜਮਾਂ ਵੱਲੋਂ ਚੰਨੀ ਸਰਕਾਰ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।ਇਸੇ ਕੜੀ ਤਹਿਤ ਅੱਜ ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਬੈਨਰ ਹੇਠ ਸਮੂਹ ਐਨ.ਐਚ.ਐਮ ਕਰਮਚਾਰੀਆਂ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਹਮਾਇਤ ਕਰਨ ਪਹੁੰਚੇ ਰੈਗੂਲਰ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਤੇ ਬੋਲਦਿਆਂ ਜਿਲ੍ਹਾ ਆਗੂ ਕਿਰਨਜੀਤ ਕੌਰ ਜਵਾਹਰਕੇ ਨੇ ਕਿਹਾ ਕਿ ਬੀਤੇ ਕੱਲ ਸੂਬਾ ਸਰਕਾਰ ਵੱਲੋੱਂ ਸਿਹਤ ਮੁਲਾਜ਼ਮਾਂ ਨਾਲ ਕੀਤੀ ਗਈ ਪੈਨਲ ਮੀਟਿੰਗ ਵਿੱਚ ਐਨ.ਐਚ.ਐਮ ਅਧੀਨ ਕੰਮ ਕਰਦੇ ਸਿਹਤ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਗਿਆ ਹੈ, ਜ਼ੋ ਕਿ ਬਹੁਤ ਹੀ ਨਿੰਦਨਯੋਗ ਹੈ ਕਿਉਕਿ ਇਹ ਸਿਹਤ ਕਰਮਚਾਰੀ ਪਿਛਲੇ ਲੰਬੇਂ ਸਮੇ ਤੋਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਅਹਿਮ ਰੋਲ ਨਿਭਾ ਰਹੇ ਹਨ।ਉਹਨਾਂ ਕਿਹਾ ਕਿ ਨਵੀਆਂ ਪੋਸਟਾਂ ਕੱਢਣ ਤੋਂ ਪਹਿਲਾ ਇਹਨਾਂ ਕਰਮਚਾਰੀਆਂ ਨੂੰ ਵਿਭਾਗ ਵਿੱਚ ਰੈਗੂਲਰ ਪੋਸਟਾਂ ਤੇ ਅਡਜਸਟ ਕੀਤਾ ਜਾਵੇਗਾ। ਜਿਲ੍ਹਾ ਆਗੂ ਮਨਦੀਪ ਕੌਰ ਠੂਠਿਆਂ ਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰੈਗੂਲਾਈਜੇਸ਼ਨ ਐਕਟ ਰਾਹੀਂ ਸਿਹਤ ਵਿਭਾਗ ਵਿੱਚ ਐਨ.ਐਚ.ਐਮ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਅਤੇ ਆਊਟਸੋਰਸ ਰਾਹੀਂ ਭਰਤੀ ਕੀਤੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੋਲਿਆ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਬੇਹੱਦ ਨਿਗੁਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਐਨ.ਐਚ.ਐਮ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਦਾਵੇ ਹਰ ਵਾਰ ਦੀ ਤਰ੍ਹਾਂ ਖੋਖਲੇ ਸਿੱਧ ਹੋ ਰਹੇ ਹਨ।ਡਾ. ਵਿਸ਼ਵਜੀਤ ਸਿੰਘ ਸੂਬਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ 36000 ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਕੀਤਾ ਐਲਾਨ ਨਿਰਾ ਝੂਠ ਦਾ ਪੁਲੰਦਾ ਹੈ।ਉਹਨਾਂ ਕਿਹਾ ਕਿ ਕੇਂਦਰੀ ਸਪੋਂਸਰ ਸਕੀਮਾਂ ਅਤੇ ਕਾਰਪੋਰੇਸ਼ਨਾਂ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਠੇਕਾ ਮੁਲਾਜਮ ਰੈਗੂਲਰ ਹੋਣ ਤੋਂ ਵਾਂਝੇ ਹਨ।ਆਗੂ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਇਸੇ ਤਰ੍ਹਾਂ ਅੜੀਅਲ ਰਵੱਈਆ ਤਹਿਤ ਐਨ.ਐਚ.ਐਮ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਆਉਂਦੀਆਂ ਚੋਣਾਂ ਵਿੱਚ ਸਮੂਹ ਸਿਹਤ ਕਰਮਚਾਰੀ ਸੂਬਾ ਕਾਂਗਰਸ ਸਰਕਾਰ ਦੇ ਖਿਲਾਫ਼ ਮੁਹਿੰਮ ਵਿੱਢ ਕੇ ਵੋਟਰ ਜਾਗਰੂਕ ਰੈਲੀਆਂ ਕੱਢਣ ਲਈ ਮੰਜਬੂਰ ਹੋਣਗੇ।ਚਾਨਣ ਸਿੰਘ ਸਿਹਤ ਮੁਲਾਜਮ ਤਾਲਮੇਲ ਕਮੇਟੀ ਦੇ ਆਗੂ ਨੇ ਕਿਹਾ ਕਿ ਉਹ ਐਨ.ਐਚ.ਐਮ ਕਰਮਚਾਰੀਆਂ ਦੇ ਚੱਲ ਰਹੇ ਹੱਕੀ ਸੰਘਰਸ਼ ਦੀ ਪੁਰਜੋ਼ਰ ਹਮਾਇਤ ਕਰਦੇ ਹਨ।ਕੇਵਲ ਸਿੰਘ ਮਲਟੀਪਰਪਜ਼ ਹੈਲਥ ਇੰਪਲਾਈ ਯੂਨੀਅਨ ਦੇ ਸੂਬਾ ਆਗੂ ਨੇ ਕਿਹਾ ਆਗੂ ਨੇ ਕਿਹਾ ਕਿ ਪੈਨਲ ਮੀਟਿੰਗ ਦੌਰਾਨ ਸਿਹਤ ਕਰਮਚਾਰੀਆਂ ਨਾਲ ਚੰਨੀ ਵਜ਼ਾਰਤ ਇਸ ਤਰ੍ਹਾਂ ਦਾ ਵਤੀਰਾ ਨਿੰਦਣਯੌਗ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਸੀ.ਐਮ.ਐਸ ਐਸੋਸੀਏਸ਼ਨ ਦੇ ਆਗੂ ਡਾ. ਅਰਸ਼ਦੀਪ ਸਿੰਘ ਐਨ.ਐਚ.ਐਮ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਠੇਕਾ ਮੁਲਾਜਮਾਂ ਨਾਲ ਹਮੇਸ਼ਾ ਤੋਂ ਹੀ ਮਤਰੇਇਆ ਸਲੂਕ ਕਰਦੀ ਆ ਰਹੀ ਹੈ, ਜ਼ੋ ਕਿ ਕਿਸੇ ਵੀ ਪੱਖ ਤੋਂ ਬਰਦਾਸ਼ਤ ਯੋਗ ਨਹੀਂ ਹੈ।ਜਗਦੀਸ ਸਿੰਘ ਪੱਖੋਂ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਐਨ.ਐਚ.ਐਮ ਅਤੇ ਆਊਟਸੋਰਸ ਕਰਮਚਾਰੀਆਂ ਨੇ ਆਪਣੇ ਅਤੇ ਆਪਣੇ ਪਰਿਵਾਰਾਂ ਨੂੰ ਖਤਰੇ ਵਿੱਚ ਪਾ ਕੇ ਪੂਰੇ ਪਜਾਬ ਨੂੰ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਮੂਹਰੀ ਰੋਲ ਅਦਾ ਕੀਤਾ ਪ੍ਰੰਤੂ ਸੂਬਾ ਸਰਕਾਰ ਵੱਲੋਂ ਨਾ ਹੀ ਇਹਨਾਂ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਗਿਆ ਅਤੇ ਨਾ ਹੀ ਮਾਨਯੋਗ ਸੁਪਰੀਮ ਕੋਰਟ ਦੇ ਬਰਾਬਰ ਕੰਮ ਬਰਾਬਰ ਤਨਖਾਹ ਵਾਲੇ ਫੈਸਲੇ ਨੂੰ ਲਾਗੂ ਕੀਤਾ ਗਿਆ।ਇਸ ਮੌਕੇ ਕੇਵਲ ਸਿੰਘ ਖਿਆਲਾ, ਤਰਲੋਕ ਸਿੰਘ ਸਰਦੂਲਗੜ੍ਹ, ਗੁਰਪਾਲ ਸਿੰਘ, ਹਰਬੰਸ ਲਾਲ, ਦਿਲਰਾਜ ਕੌਰ, ਰਾਜਵੀਰ ਕੌਰ, ਸ਼ਰਨਜੀਤ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਸਿੰਘ ਖਾਲਸਾ ਅਮਰਜੀਤ ਕੌਰ, ਵਰਿੰਦਰ ਕੌਰ, ਡਾ. ਪਾਰੂਲ ਗਰਗ, ਮਨਦੀਪ ਖਾਲਸਾ, ਲਵਲੀ ਗੋਇਲ, ਸੰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।