*ਪੰਜਾਬ ਪੁਲੀਸ ਵਲੋਂ ਸੂਬੇ ਭਰ ’ਚ ਨਾਈਟ ਡੌਮੀਨੇਸ਼ਨ ਆਪ੍ਰੇਸ਼ਨ ਲਈ 135 ਗਜ਼ਟਿਡ ਅਫ਼ਸਰ ਤਾਇਨਾਤ*

0
64

ਚੰਡੀਗੜ, 25 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ, ਪੰਜਾਬ ਪੁਲਿਸ ਦੇ ਵੱਖ-ਵੱਖ ਰੈਂਕਾਂ ਦੇ ਲਗਭਗ 135 ਗਜਟਿਡ ਅਫਸਰਾਂ  ਨੂੰ ਸੂਬੇ ਭਰ ਵਿੱਚ ਕਿਸੇ ਵੀ ਕਿਸਮ ਦੀ ਅੱਤਵਾਦੀ ਜਾਂ ਅਪਰਾਧਿਕ ਗਤੀਵਿਧੀ ਨੂੰ ਰੋਕਣ ਲਈ ਨਾਈਟ ਡੌਮੀਨੇਸ਼ਨ ਅਪ੍ਰੇਸ਼ਨਾਂ ਲਈ ਤਾਇਨਾਤ ਕੀਤਾ ਗਿਆ ਹੈ।
ਪੰਜਾਬ ਦੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਸੀਂ ਸੂਬੇ ਭਰ ਵਿੱਚ ਰਾਤ ਦੀ ਗਸ਼ਤ ਤੇਜ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਉੱਪ ਮੁੱਖ ਮੰਤਰੀ ਰੰਧਾਵਾ ਨੇ ਮੰਗਲਵਾਰ ਨੂੰ ਅੰਮਿ੍ਰਤਸਰ ‘ਚ ਕ੍ਰਾਈਮ ਰਿਵੀਊ (ਅਪਰਾਧ ਸਮੀਖਿਆ) ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਪੁਲਸ ਫੋਰਸ ਨੂੰ ਸੂਬੇ ਭਰ ‘ਚ ਰਾਤ ਦੀ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਯਕੀਨੀ ਬਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਉਪ ਮੁੱਖ ਮੰਤਰੀ ਨੇ ਰਾਤ ਦੀ ਗਸ਼ਤ ਲਈ ਤਾਇਨਾਤ  ਗਜ਼ਟਿਡ ਅਫ਼ਸਰਾਂ ਨੂੰ ਖੁਦ ਅਚਨਚੇਤ ਕਾਲ ਕਰਕੇ ਇਹ ਯਕੀਨੀ ਬਣਾਇਆ ਕਿ ਉਹ ਆਪਣੇ ਕੰਮ ‘ਤੇ ਮੌਜੂਦ ਹਨ ਜਾਂ ਨਹੀਂ।
ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਪੰਜਾਬ ਵਿੱਚ ਹੋਰ ਹਥਿਆਰਾਂ ਦੇ ਨਾਲ-ਨਾਲ ਹੈਂਡ ਗ੍ਰਨੇਡਾਂ ਅਤੇ ਟਿਫਿਨ ਬੰਬਾਂ ਦੀ ਵੱਡੀ ਆਮਦ ਹੋ ਰਹੀ ਹੈ। ਹਾਲ ਹੀ ਵਿੱਚ, ਰਾਜ ਵਿੱਚ ਸੀਆਈਏ ਨਵਾਂਸ਼ਹਿਰ ਅਤੇ ਪਠਾਨਕੋਟ ਦੇ ਛਾਉਣੀ ਖੇਤਰ ਵਿੱਚ ਦੋ ਬੰਬ ਧਮਾਕੇ ਹੋਣ ਤੋਂ ਇਲਾਵਾ ਜੀਰਾ ਖੇਤਰ ਤੋਂ ਇੱਕ ਬਿਨਾਂ ਚੱਲੇ ਹੈਂਡ ਗ੍ਰਨੇਡ ਦੀ ਬਰਾਮਦਗੀ ਵੀ ਸ਼ਾਮਲ ਹੈ।
ਡੀਜੀਪੀ ਨੇ ਦੱਸਿਆ ਕਿ ਹਰੇਕ ਪੁਲਿਸ ਜਿਲੇ ਨੂੰ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਲਈ ਡੀਐਸਪੀ ਜਾਂ ਐਸਪੀ ਰੈਂਕ ਦਾ ਇੱਕ ਗਜਟਿਡ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ, ਜੋ ਆਪਣੇ ਅਧਿਕਾਰ ਖੇਤਰ ਵਿੱਚ ਰਾਤ ਦੀ ਗਸ਼ਤ ਨੂੰ ਯਕੀਨੀ ਬਣਾਉਣਗੇ।
ਉਨਾਂ ਕਿਹਾ ਕਿ ਰੁਟੀਨ ਨਾਕਿਆਂ ਜਾਂ ਵਾਹਨਾਂ ਦੀ ਚੈਕਿੰਗ ਤੋਂ ਇਲਾਵਾ, ਤਾਇਨਾਤ ਕੀਤੇ ਗਏ ਅਫ਼ਸਰਾਂ ਨੂੰ ਸੰਵੇਦਨਸ਼ੀਲ ਥਾਵਾਂ ਜਿਵੇਂ ਕਿ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਧਾਰਮਿਕ ਸਥਾਨਾਂ, ਆਰਐਸਐਸ ਸ਼ਾਖਾਵਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ‘ਤੇ ਵੀ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਦੌਰਾਨ, ਪੁਲਿਸ ਕਮਿਸ਼ਨਰਾਂ/ਐਸਐਸਪੀਜ ਨੂੰ ਵੀ ਡਰੋਨਾਂ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਡੀਜੀਪੀ ਨੇ ਸੀਪੀਜ/ਐਸਐਸਪੀਜ ਨੂੰ ਸਾਰੇ ਪੀਸੀਆਰ/ਆਰਆਰਪੀਐਸ ਵਾਹਨਾਂ ਅਤੇ ਬੁਲੇਟ ਪਰੂਫ ਮੋਰਚਿਆਂ ਦੀ ਵਰਤੋਂ ਸੰਵੇਦਨਸ਼ੀਲ ਥਾਵਾਂ ਨੂੰ ਕਵਰ ਕਰਨ ਦੇ ਨਾਲ-ਨਾਲ ਸਾਰੇ ਕੰਟਰੋਲ ਰੂਮਾਂ ਨੂੰ ਸਰਗਰਮ ਕਰਨ ਦੇ ਆਦੇਸ਼ ਦਿੱਤੇ।    ————

LEAVE A REPLY

Please enter your comment!
Please enter your name here