*ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਹੋਵੇਗਾ ਗੱਠਜੋੜ? ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ..!*

0
217

 24,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨਾਂ (Farm Laws) ਨੂੰ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਬੀਜੇਪੀ ਨੇ ਤਾਂ ਅਕਾਲੀ ਦਲ ਸਾਹਮਣੇ ਸ਼ਰਤਾਂ ਤਹਿਤ ਪੇਸ਼ਕਸ਼ ਵੀ ਰੱਖ ਦਿੱਤੀ ਹੈ। ਇਸ ਬਾਰੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਚੁੱਪੀ ਤੋੜੀ ਹੈ। ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਮੁੜ ਭਾਜਪਾ ਨਾਲ ਨਹੀਂ ਜਾਣਗੇ ਤੇ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਵੱਖਰੀ ਚੋਣ ਲੜਨਗੇ।

ਸੁਖਬੀਰ ਬਾਦਲ ਨੇ ਕਿਹਾ ਕਿ ਬਸਪਾ ਨਾਲ ਉਨ੍ਹਾਂ ਦਾ ਗਠਜੋੜ ਪੂਰੀ ਤਰ੍ਹਾਂ ਪੱਕਾ ਹੈ। ਉਨ੍ਹਾਂ ਕਿਹਾ, ”ਅਸੀਂ ਬਸਪਾ ਦੇ ਨਾਲ ਰਹਾਂਗੇ। ਸਾਡਾ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾਉਣ ਦਾ ਕੋਈ ਇਰਾਦਾ ਨਹੀਂ। ਅਕਾਲੀ ਦਲ ਹੁਣ ਭਾਜਪਾ ਨਾਲ ਗਠਜੋੜ ਨਹੀਂ ਕਰੇਗਾ। ਸੁਖਬੀਰ ਬਾਦਲ ਦੇ ਐਲਾਨ ਮਗਰੋਂ ਸਪਸ਼ਟ ਹੋ ਗਿਆ ਹੈ ਕਿ ਘੱਟੋ-ਘੱਟ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਨਹੀਂ ਹੋਏਗਾ।

ਇਸ ਤੋਂ ਪਹਿਲਾਂ ਭਾਜਪਾ ਵੱਲੋਂ ਅਕਾਲੀ ਦਲ ਨਾਲ ਮੁੜ ਗਠਜੋੜ ‘ਤੇ ਚੁੱਪੀ ਤੋੜੀ ਗਈ ਸੀ। ਭਾਜਪਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਅਕਾਲੀ ਦਲ ਨਾਲ ਗਠਜੋੜ ਕਰਨ ਵਿੱਚ ਕੋਈ ਨੁਕਸਾਨ ਨਹੀਂ। ਭਾਜਪਾ ਨੇ ਹਾਲਾਂਕਿ ਇਹ ਵੀ ਦਾਅਵਾ ਕੀਤਾ ਸੀ ਕਿ ਜੇਕਰ ਅਕਾਲੀ ਦਲ ਗਠਜੋੜ ਕਰਨ ਲਈ ਤਿਆਰ ਹੈ ਤਾਂ ਉਸ ਨੂੰ ਭਾਜਪਾ ਦੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ। ਬੀਜੇਪੀ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਹੁਣ ਬੀਜੇਪੀ ਨਾਲ ਵੱਡਾ ਨਹੀਂ ਸਗੋਂ ਛੋਟਾ ਭਰਾ ਬਣ ਕੇ ਆਉਣਾ ਪਏਗਾ।

ਪਿਛਲੇ ਸਾਲ ਟੁੱਟ ਗਿਆ ਸੀ ਗਠਜੋੜ

ਅਕਾਲੀ ਦਲ ਭਾਜਪਾ ਦੇ ਸਭ ਤੋਂ ਪੁਰਾਣੇ ਸਹਿਯੋਗੀਆਂ ਵਿੱਚੋਂ ਇੱਕ ਰਿਹਾ ਹੈ। ਦੋਵਾਂ ਪਾਰਟੀਆਂ ਵਿਚਾਲੇ ਪਹਿਲੀ ਵਾਰ ਗਠਜੋੜ 1996 ਵਿਚ ਹੋਇਆ ਸੀ। ਹਾਲਾਂਕਿ ਪਿਛਲੇ ਸਾਲ ਅਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਭਾਜਪਾ ਨਾਲ ਕਰੀਬ 25 ਸਾਲ ਪੁਰਾਣਾ ਰਿਸ਼ਤਾ ਖਤਮ ਕਰਨ ਦਾ ਐਲਾਨ ਕੀਤਾ ਸੀ।

ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਕੈਪਟਨ ਅਮਰਿੰਦਰ ਸਿੰਘ ਨਾਲ ਮੈਦਾਨ ਵਿੱਚ ਉਤਰੇਗੀ। ਅਮਰਿੰਦਰ ਸਿੰਘ ਨੇ ਭਾਜਪਾ ਨਾਲ ਗਠਜੋੜ ਦਾ ਵਿਕਲਪ ਖੁੱਲ੍ਹਾ ਰੱਖਿਆ ਹੈ।

LEAVE A REPLY

Please enter your comment!
Please enter your name here