*ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ! ਇੱਕ ਹੋਰ ਵਿਧਾਇਕ ਦੇ ਕਾਂਗਰਸ ‘ਚ ਜਾਣ ਦੇ ਚਰਚੇ*

0
42

ਚੰਡੀਗੜ੍ਹ 24,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ। ‘ਆਪ’ ਵਿਧਾਇਕ ਕੰਵਰ ਸੰਧੂ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਮੰਗਲਵਾਰ ਰਾਤ ਉਨ੍ਹਾਂ ਨੇ ਸੀਐਮ ਚਰਨਜੀਤ ਚੰਨੀ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਪੰਜਾਬ ਭਵਨ ਵਿਖੇ ਮੀਟਿੰਗ ਹੋਈ। ਹਾਲਾਂਕਿ ਇਸ ਬਾਰੇ ਰਸਮੀ ਤੌਰ ‘ਤੇ ਕੁਝ ਨਹੀਂ ਕਿਹਾ ਗਿਆ। ਚੋਣਾਂ ਤੋਂ ਪਹਿਲਾਂ ਜੇਕਰ ਕੰਵਰ ਸੰਧੂ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ ਤਾਂ ਆਮ ਆਦਮੀ ਪਾਰਟੀ ਲਈ ਇਹ ਵੱਡਾ ਝਟਕਾ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਰੂਬੀ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਵਿਧਾਇਕ ਜਗਤਾਰ ਸਿੰਘ ਨੇ ਵੀ ਕਾਂਗਰਸ ਪ੍ਰਤੀ ਆਪਣਾ ਮੋਹ ਵਿਖਾਇਆ ਹੈ।

ਕੰਵਰ ਸੰਧੂ 2017 ‘ਚ ਖਰੜ ਵਿਧਾਨ ਸਭਾ ਸੀਟ ਤੋਂ ‘ਆਪ’ ਦੀ ਟਿਕਟ ‘ਤੇ ਵਿਧਾਇਕ ਚੁਣੇ ਗਏ ਸਨ। ਹਾਲਾਂਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ 2019 ‘ਚ ਸੁਖਪਾਲ ਖਹਿਰਾ ਨਾਲ ਚਲੇ ਗਏ। ਇਸ ਤੋਂ ਬਾਅਦ ਉਹ ਵਿਧਾਨ ਸਭਾ ‘ਚ ਵੀ ਵੱਖਰੇ ਤੌਰ ‘ਤੇ ਬੈਠੇ ਸਨ। ਚੋਣਾਂ ਨੇੜੇ ਆਉਣ ਨਾਲ ਉਨ੍ਹਾਂ ਦਾ ਝੁਕਾਅ ਹੁਣ ਕਾਂਗਰਸ ਵੱਲ ਹੋ ਗਿਆ ਜਾਪਦਾ ਹੈ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ 6 ਵਿਧਾਇਕ ਹੁਣ ਤਕ ਪਾਰਟੀ ਛੱਡ ਚੁੱਕੇ ਹਨ। ਸੁਖਪਾਲ ਖਹਿਰਾ, ਪਿਰਮਲ ਖਾਲਸਾ, ਜਗਦੇਵ ਕਮਾਲੂ ਤੇ ਰੁਪਿੰਦਰ ਰੂਬੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਬਲਦੇਵ ਸਿੰਘ ਤੇ ਐਚਐਸ ਫੂਲਕਾ ਨੇ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਇਲਾਵਾ ਕੰਵਰ ਸੰਧੂ, ਨਾਜਰ ਸਿੰਘ ਨੂੰ ਪਾਰਟੀ ਤੋਂ ਪਾਸੇ ਕਰ ਦਿੱਤਾ ਗਿਆ। ਇਸ ਸਮੇਂ ‘ਆਪ’ ‘ਚ ਸਿਰਫ਼ 10 ਵਿਧਾਇਕ ਹੀ ਸਰਗਰਮ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਟਿਕਟ ਬਾਰੇ ਪਾਰਟੀ ਨੇ ਹਾਲ ਹੀ ਐਲਾਨ ਕੀਤਾ ਸੀ।

ਇਹ ਵੀ ਦਿਲਚਸਪ ਹੈ ਕਿ ਵਿਧਾਇਕਾਂ ਨੂੰ ਸ਼ਾਮਲ ਕਰਨ ਨੂੰ ਲੈ ਕੇ ‘ਆਪ’ ਤੇ ਕਾਂਗਰਸ ਵਿਚਾਲੇ ਤਕਰਾਰ ਚੱਲ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਦੇ 25 ਵਿਧਾਇਕ ਤੇ 2-3 ਸੰਸਦ ਮੈਂਬਰ ਉਨ੍ਹਾਂ ਦੀ ਪਾਰਟੀ ‘ਚ ਆਉਣ ਲਈ ਤਿਆਰ ਹਨ ਪਰ ਉਹ ਕਾਂਗਰਸ ਦਾ ਕੂੜਾ ਨਹੀਂ ਲੈਣਾ ਚਾਹੁੰਦੇ। ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ‘ਚ ਝਾੜੂ ਪੂਰੀ ਤਰ੍ਹਾਂ ਖਿੱਲਰ ਚੁੱਕਾ ਹੈ। ਜਲਦੀ ਹੀ ‘ਆਪ’ ਦੇ ਹੋਰ ਵਿਧਾਇਕ ਕਾਂਗਰਸ ‘ਚ ਸ਼ਾਮਲ ਹੋਣਗੇ।

ਕੇਜਰੀਵਾਲ ਨੇ ਪੰਜਾਬ ਦੌਰੇ ਦੌਰਾਨ ਵੀ ਸਪੱਸ਼ਟ ਕੀਤਾ ਕਿ ਇਨ੍ਹਾਂ ਵਿਧਾਇਕਾਂ ਦਾ ਕੰਮ ਚੰਗਾ ਨਹੀਂ। ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਵਾਰ ਉਨ੍ਹਾਂ ਨੂੰ ਪਾਰਟੀ ਦੀ ਟਿਕਟ ਨਹੀਂ ਮਿਲੇਗੀ। ਇਸ ਲਈ ਉਹ ਪਾਰਟੀ ਛੱਡ ਰਹੇ ਹਨ। ਉਹ ਇਸ ਤਰ੍ਹਾਂ ਦੀ ਰਾਜਨੀਤੀ ਵਿੱਚ ਭਰੋਸਾ ਨਹੀਂ ਰੱਖਦੇ।

LEAVE A REPLY

Please enter your comment!
Please enter your name here