ਚੰਡੀਗੜ/ਅੰਮ੍ਰਿਤਸਰ, 21 ਨਵੰਬਰ(ਸਾਰਾ ਯਹਾਂ/ਮੁੱਖ ਸੰਪਾਦਕ ) -ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਨੇ ਪੰਜਾਬ ਆਰਥੋਪੇਡਿਕਸ ਐਸੋਸੀਏਸ਼ਨ ਵੱਲੋਂ ਹੱਡੀਆਂ ਦੇ ਰੋਗਾਂ ਬਾਰੇ ਕਰਵਾਈ ਗਈ ਕਾਨਫਰੰਸ ਦਾ ਉਦਘਾਟਨ ਕਰਨ ਮੌਕੇ ਅੰਮ੍ਰਿਤਸਰ ਮੈਡੀਕਲ ਕਾਲਜ ਵੱਲੋਂ ਸਿਹਤ ਸੇਵਾਵਾਂ ਵਿੱਚ ਪਾਏ ਯੋਗਦਾਨ ਦੀ ਤਾਰੀਫ਼ ਕਰਦੇ ਕਿਹਾ ਕਿ ਇਸ ਵੱਲੋਂ ਪੈਦਾ ਕੀਤੇ ਡਾਕਟਰਾਂ ਨੇ ਵਿਸ਼ਵ ਭਰ ਵਿੱਚ ਆਪਣਾ ਲੋਹਾ ਮਨਵਾਇਆ
ਹੈ ਅਤੇ ਇਨਾਂ ਦੇ ਕੰਮ ਦੁਨੀਆਂ ਲਈ ਰਾਹ-ਦਸੇਰਾ ਬਣੇ ਹਨ। ਉਨਾਂ ਕਿਹਾ ਕਿ ਕਾਨਫਰੰਸ ਵਿਚ ਡਾਕਟਰਾਂ ਵੱਲੋਂ ਜੋ ਵੀ ਖੋਜ ਤੇ ਸੁਝਾਅ ਮਿਲਦੇ ਹਨ ਉਹ ਆਉਣ ਵਾਲੀ ਖੋਜ ਨੂੰ ਅੱਗੇ ਤੋਰਨਗੇ, ਜਿਸ ਨਾਲ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੱਡੀ ਤਬਦੀਲੀ ਆ ਸਕਦੀ ਹੈ। ਉਨਾਂ ਕਿਹਾ ਕਿ ਪੰਜਾਬ ਦਾ ਇਹ ਇਤਹਾਸਕ ਕਾਲਜ ਖੋਜ ਕਾਰਜਾਂ ਦਾ ਧੁਰਾ ਰਿਹਾ ਹੈ ਅਤੇ ਇਥੋਂ ਦੇ ਡਾਕਟਰਾਂ ਨੇ ਦੇਸ਼ ਹੀ ਨਹੀਂ, ਵਿਦੇਸ਼ ਦੀ ਧਰਤੀ ਉਤੇ ਵੀ ਆਪਣਾ ਲੋਹਾ ਮਨਵਾਇਆ ਹੈ। ਡਾ ਵੇਰਕਾ ਨੇ ਕਾਨਫਰੰਸ ਵਿਚ ਡਾਕਟਰਾਂ ਨੂੰ ਜੀ ਆਇਆਂ ਕਹਿੰਦੇ ਮਨੁੱਖਤਾ ਦੀ ਭਲਾਈ ਲਈ ਸਦਾ ਕਾਰਜਸ਼ੀਲ ਰਹਿਣ ਦਾ ਸੱਦਾ ਦਿੱਤਾ।