*ਜਗਦੀਸ਼ ਟਾਈਟਲਰ ਨੂੰ ਲੈ ਕੇ ਮੁੜ ਘਿਰੀ ਕਾਂਗਰਸ, ਸਿੱਧੂ ਤੇ ਚੰਨੀ ਕਿਉਂ ਚੁੱਪ?*

0
14

ਚੰਡੀਗੜ੍ਹ 31,ਅਕਤੂਬਰ (ਸਾਰਾ ਯਹਾਂ/ਬਿਊਰੋ ਰਿਪੋਰਟ ) ਚੁਰਾਸੀ ਦੇ ਸਿੱਖ ਕਤਲੇਆਮ ’ਚ ਕਾਂਗਰਸ ਮੁੜ ਘਿਰ ਗਈ ਹੈ। ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ ’ਚ ਸਥਾਈ ਮੈਂਬਰ ਚੁਣਨ ਮਗਰੋਂ ਕਾਂਗਰਸ ਉੱਪਰ ਸਵਾਲ ਉੱਠ ਰਹੇ ਹਨ। ਸਿਆਸੀ ਪਾਰਟੀਆਂ ਸਵਾਲ ਉਠਾ ਰਹੀਆਂ ਹਨ ਕਿ ਆਖਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਹੁਣ ਕਿਉਂ ਚੁੱਪ ਹਨ?

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਤਰੁਣ ਚੁੱਘ ਨੇ ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ ’ਚ ਸਥਾਈ ਮੈਂਬਰ ਚੁਣਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੂੰ ਜਗਦੀਸ਼ ਟਾਈਟਲਰ ਬਾਰੇ ਸਟੈਂਡ ਸਪੱਸ਼ਟ ਕਰਨ ਦੀ ਅਪੀਲ ਕੀਤੀ।

ਚੁੱਘ ਨੇ ਕਿਹਾ ਕਿ ਟਾਈਟਲਰ ਦਾ ਨਾਂ 1984 ਦੇ ਸਿੱਖ ਕਤਲੇਆਮ ’ਚ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਚੰਨੀ, ਸਿੱਧੂ ਤੇ ਕਾਂਗਰਸ ਦੇ ਸਿੱਖ ਆਗੂਆਂ ਨੂੰ ਜਗਦੀਸ਼ ਟਾਈਟਲਰ ਦਾ ਨਾਂ ਦਿੱਲੀ ਕਾਂਗਰਸ ਕਮੇਟੀ ’ਚ ਪਾਉਣ ਬਾਰੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।

ਇਸੇ ਤਰ੍ਹਾਂ ਆਮ ਆਦਮੀ ਪਾਰਟੀ ‘ਆਪ’ ਦੀ ਸੀਨੀਅਰ ਲੀਡਰ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੇ ਬੁਲਾਰੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਗਾਂਧੀ ਪਰਿਵਾਰ ਸਮੇਤ ਸਮੁੱਚੀ ਕਾਂਗਰਸ ਨੂੰ ਪੁੱਛਿਆ ਕਿ ਕਾਂਗਰਸ ਨੇ ਸਿੱਖਾਂ ਨੂੰ ਇਨਸਾਫ਼ ਤਾਂ ਨਹੀਂ ਦਿੱਤਾ, ਪਰ 1984 ਦੇ ਕਤਲੇਆਮ ਦੇ ਜ਼ਖ਼ਮਾਂ ’ਤੇ ਲੂਣ ਛਿੜਕਣਾ ਬੰਦ ਕਰ ਦੇਵੇ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਜਗਦੀਸ਼ ਟਾਈਟਲਰ ਵਰਗੇ ਗੁਨਾਹਗਾਰਾਂ ਨੂੰ ਅਹੁਦੇ ਬਖਸ਼ ਕੇ ਸਿੱਖਾਂ ਤੇ ਇਨਸਾਫ਼ ਪਸੰਦ ਲੋਕਾਂ ਨੂੰ ਵਾਰ-ਵਾਰ ਨਾ ਚਿੜਾਵੇ।

ਦੱਸ ਦਈਏ ਕਿ ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਦਿੱਲੀ ਕਾਂਗਰਸ ਕਮੇਟੀ ਨੇ ਵੀਰਵਾਰ ਨੂੰ ਨਵੀਂ ਕਾਰਜਕਾਰਨੀ ਕਮੇਟੀ ਦਾ ਗਠਨ ਕੀਤਾ ਜਿਸ ਨੂੰ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਮੇਟੀ ਦੇ ਸਥਾਈ ਮੈਂਬਰਾਂ ’ਚ ਸੀਨੀਅਰ ਕਾਂਗਰਸੀ ਆਗੂ ਜੇਪੀ ਅਗਰਵਾਲ, ਅਜੈ ਮਾਕਨ, ਕਪਿਲ ਸਿੱਬਲ, ਜਨਾਰਧਨ ਦਿਵੇਦੀ, ਅਰਵਿੰਦਰ ਸਿੰਘ ਲਵਲੀ, ਸੁਭਾਸ਼ ਚੋਪੜਾ ਤੇ ਜਗਦੀਸ਼ ਟਾਈਟਲਰ ਸ਼ਾਮਲ ਹਨ।

LEAVE A REPLY

Please enter your comment!
Please enter your name here