ਚੰਡੀਗੜ੍ਹ 31,ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੀ ਸਿਆਸਤ ਹੁਣ ਕਿਸਾਨ ਹੀ ਤੈਅ ਕਰਨਗੇ। ਇਹ ਗੱਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਮ ਆ ਗਈ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਕਰਵਾ ਕੇ ਨਵੀਂ ਸਿਆਸੀ ਪਾਰੀ ਖੇਡਣ ਦਾ ਐਲਾਨ ਕੀਤਾ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਿੱਧਾ ਕਿਸਾਨਾਂ ਨਾਲ ਸੰਵਾਦ ਰਚਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਦੇ ਸੁਝਾਅ ਲੈ ਕੇ ਹੀ ਚੋਣ ਮੈਨੀਫੈਸਟੋ ਤਿਆਰ ਕੀਤਾ ਜਾਏਗਾ।
ਕੈਪਟਨ ਨੇ ਆਮ ਆਦਮੀ ਪਾਰਟੀ ਦੀ ਸਰਗਰਮੀ ਵੇਖ ਕਾਂਗਰਸ ਵੀ ਹਰਕਤ ਵਿੱਚ ਆ ਗਈ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹੁਣ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਪੰਜਾਬ ‘ਚ ਰੱਦ ਕਰਨ ਬਾਰੇ ਕਿਸਾਨ ਸੰਯੁਕਤ ਮੋਰਚੇ ਦੇ ਲੀਡਰ ਬਲਬੀਰ ਸਿੰਘ ਰਾਜੇਵਾਲ ਨਾਲ ਗੱਲ ਕਰਕੇ ਸੰਯੁਕਤ ਕਿਸਾਨ ਮੋਰਚੇ ਦੀ ਰਾਏ ਮੰਗੀ ਹੈ।
ਚੰਨੀ ਨੇ ਰਾਜੇਵਾਲ ਨਾਲ ਗੱਲ ਕਰਦਿਆਂ ਕਿਹਾ ਕਿ ਕਿਸਾਨ ਸੰਯੁਕਤ ਮੋਰਚਾ ਉਨ੍ਹਾਂ ਦੀ ਮਦਦ ਕਰੇ ਤੇ 8 ਨਵੰਬਰ ਨੂੰ ਬੁਲਾਏ ਜਾ ਰਹੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕਿਸਾਨ ਮੋਰਚਾ ਲਿਖ ਕੇ ਦੇ ਦੇਵੇ ਕਿ ਉਹ ਸਰਕਾਰ ਤੋਂ ਕੀ ਪਾਸ ਕਰਵਾਉਣਾ ਚਾਹੁੰਦਾ ਹੈ, ਅਸੀਂ ਕਿਸਾਨ ਮੋਰਚੇ ਵਲੋਂ ਦਿੱਤੀਆਂ ਸਿਫ਼ਾਰਸ਼ਾਂ ਦੀ ਬਿੰਦੀ-ਟਿੱਪੀ ਨੂੰ ਵੀ ਨਹੀਂ ਕੱਟਾਂਗੇ ਤੇ ਜੋ ਕਿਸਾਨ ਮੋਰਚਾ ਲਿਖ ਕੇ ਦੇਵੇਗਾ ਪਾਸ ਕਰ ਦੇਵਾਂਗੇ।
ਚੰਨੀ ਵਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਸਾਫ਼ ਤੌਰ ‘ਤੇ ਸਿੱਧਾ ਸੱਦਾ ਦੇ ਦਿੱਤਾ ਗਿਆ ਹੈ ਕਿ ਉਹ ਪੰਜਾਬ ਸਰਕਾਰ ਕੋਲੋਂ ਸੈਸ਼ਨ ਦੌਰਾਨ ਆਪਣੀ ਮਰਜ਼ੀ ਦੇ ਖੇਤੀ ਕਾਨੂੰਨ ਪਾਸ ਕਰਵਾ ਲੈਣ। ਮੁੱਖ ਮੰਤਰੀ ਨੇ ਬਲਬੀਰ ਸਿੰਘ ਰਾਜੇਵਾਲ ਨਾਲ ਫ਼ੋਨ ‘ਤੇ ਗੱਲ ਕਰਦਿਆਂ ਕਿਹਾ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਜਿਹੜੀਆਂ ਗੱਲਾਂ ਕੱਚੀਆਂ ਰਹਿ ਗਈਆਂ ਸਨ, ਉਨ੍ਹਾਂ ਨੂੰ ਇਸ ਵਾਰ ਪੱਕਾ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਛਲੀ ਵਾਰ ਕੁਝ ਅਧਿਕਾਰੀਆਂ ਨੇ ਸ਼ਾਇਦ ਇਹ ਕਹਿ ਕਿ ਡਰਾ ਦਿੱਤਾ ਹੋਵੇ ਕਿ ਪੂਰੀ ਤਰ੍ਹਾਂ ਕਾਨੂੰਨ ਰੱਦ ਕਰਨ ‘ਤੇ ਸਰਕਾਰ ਟੁੱਟ ਸਕਦੀ ਹੈ, ਚੰਨੀ ਨੇ ਕਿਹਾ ਕਿ ਪਰ ਇਸ ਵਾਰ ਜੇਕਰ ਅਜਿਹਾ ਕਰਨ ਨਾਲ ਮੇਰੀ ਸਰਕਾਰ ਵੀ ਟੁੱਟ ਵੀ ਜਾਂਦੀ ਹੈ ਤਾਂ ਵੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ।