*ਡੇਂਗੂ ਦੇ ਨਾਲ-ਨਾਲ ਨਿੱਜੀ ਹਸਪਤਾਲ ਵੀ ਬੇਲਗਾਮ, ‘ਆਪ’ ਨੇ ਸਰਕਾਰੀ ਪ੍ਰਬੰਧਾਂ ‘ਤੇ ਚੁੱਕਿਆ ਸਵਾਲ*

0
26

ਚੰਡੀਗੜ੍ਹ (ਸਾਰਾ ਯਹਾਂ) : ਸੂਬੇ ਅੰਦਰ ਬੇਕਾਬੂ ਹੋਈ ਡੇਂਗੂ ਮਹਾਂਮਾਰੀ ਲਈ ਸੱਤਾਧਾਰੀ ਕਾਂਗਰਸ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਵਫ਼ਦ ਨੇ ਮੰਗਲਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਓਪੀ ਸੋਨੀ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਸਰਕਾਰ  ਆਪਣਾ ਢਿੱਲਾ ਰਵੱਈਆ ਛੱਡ ਕੇ ਡੇਂਗੂ ਵਿਰੁੱਧ ਜੰਗੀ ਪੱਧਰ ’ਤੇ ਮੁਹਿੰਮ ਚਲਾਏ। ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਦੀ ਅਗਵਾਈ ’ਚ ਮਿਲੇ ਇਸ ਵਫ਼ਦ ਵਿੱਚ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਪਾਰਟੀ ਦੇ ਬੁਲਾਰੇ ਨੀਲ ਗਰਗ ਸ਼ਾਮਲ ਸਨ।

ਸਿਹਤ ਮੰਤਰੀ ਓਪੀ ਸੋਨੀ ਨੂੰ ਮੰਗ ਪੱਤਰ ਦੇਣ ਉਪਰੰਤ ਪੰਜਾਬ ਭਵਨ ’ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਨਾ ਕੇਵਲ ਸੁਨਾਮ- ਸੰਗਰੂਰ ਸਗੋਂ ਪੂਰੇ ਪੰਜਾਬ ਵਿੱਚ ਹੀ ਡੇਂਗੂ ਦਾ ਕਹਿਰ ਜਾਰੀ ਹੈ। ਅਮਨ ਅਰੋੜਾ ਨੇ ਡੇਂਗੂ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿਹਤ ਮੰਤਰੀ ਓਪੀ ਸੋਨੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੁਨਾਮ ਹਲਕੇ ਦੇ ਕਸਬਾ ਲੌਂਗੋਵਾਲ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦਾਦਾ, ਪਿਤਾ ਅਤੇ ਪੋਤੇ ਦੀ ਡੇਂਗੂ ਨਾਲ ਉਪਰੋਥਲੀ ਦਰਦਨਾਕ ਮੌਤ ਹੋ ਗਈ ਅਤੇ ਦੂਸਰਾ 19 ਸਾਲਾ ਪੋਤਾ ਹਸਪਤਾਲ ’ਚ ਜ਼ੇਰੇ- ਇਲਾਜ ਹੈ। 

ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਦੀਆਂ ਸਾਰੀਆਂ ਸਰਕਾਰੀ ਡਿਸਪੈਂਸਰੀਆਂ ਅਤੇ ਸਰਕਾਰੀ ਹਸਪਤਾਲ ਸਹੂਲਤਾਂ ਅਤੇ ਡਾਕਟਰਾਂ- ਸਟਾਫ਼ ਦੀ ਘਾਟ ਕਾਰਨ ਖ਼ੁਦ ਵੈਂਟੀਲੇਟਰ ’ਤੇ ਹਨ। ਸਰਕਾਰੀ ਪੱਧਰ ਦੀਆਂ ਨਕਾਰਾ ਸਿਹਤ ਸੇਵਾਵਾਂ ਕਾਰਨ ਲੋਕਾਂ ਨੂੰ ਇਲਜ ਲਈ ਪ੍ਰਾਈਵੇਟ ਹਸਪਤਾਲਾਂ ’ਚ ਜਾਣਾ ਪੈ ਰਿਹਾ ਹੈ, ਜਿੱਥੇ ਮਰੀਜਾਂ ਦਾ ਰੱਜ ਕੇ ਆਰਥਿਕ ਸ਼ੋਸ਼ਣ ਹੋ ਰਿਹਾ ਹੈ। ਪਰ ਸਰਕਾਰ ਨਿੱਜੀ ਸਿਹਤ ਮਾਫ਼ੀਆ ਸਾਹਮਣੇ ਉਸੇ ਤਰ੍ਹਾਂ ਗੋਡੇ ਟੇਕ ਚੁੱਕੀ ਹੈ, ਜਿਵੇਂ ਕੋਰੋਨਾ ਮਹਾਂਮਾਰੀ ਦੌਰਾਨ ਪ੍ਰਾਈਵੇਟ ਹਸਪਤਾਲਾਂ ਨੂੰ ਮਰੀਜਾਂ ਦੀ ਲੁੱਟ ਲਈ ਅੰਨ੍ਹੀ ਛੂਟ ਦਿੱਤੀ ਸੀ।

ਅਮਨ ਅਰੋੜਾ ਨੇ ਕਿਹਾ ਜੇਕਰ ਸਰਕਾਰ ਮੁਸ਼ਤੈਦ ਹੋਵੇ ਅਤੇ ਸਰਕਾਰੀ ਸਿਹਤ ਸੇਵਾਵਾਂ ਬਿਹਤਰ ਹੋਣ ਤਾਂ ਡੇਂਗੂ ਦੇ ਕਹਿਰ ਤੋਂ ਬਚਾਅ ਹੋ ਸਕਦਾ ਹੈ, ਕਿਉਂਕਿ ਡੇਂਗੂ ਅਚਨਚੇਤ ਫੈਲੀ ਕੁਦਰਤੀ ਆਫ਼ਤ ਨਹੀਂ ਹੈ। ਹਰ ਸਾਲ ਸਤੰਬਰ ਤੋਂ ਨਵੰਬਰ ਤੱਕ ਡੇਂਗੂ ਦਾ ਪ੍ਰਕੋਪ ਲੋਕਾਂ ਨੂੰ ਝੱਲਣਾ ਪੈਂਦਾ ਹੈ, ਕਿਉਂਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਥਾਂ- ਥਾਂ ਗੰਦਗੀ, ਟੁੱਟੀਆਂ ਸੜਕਾਂ ਤੇ ਗਲੀਆਂ ਵਿੱਚ ਭਰਿਆ ਪਾਣੀ ਹੀ ਡੇਂਗੂ ਅਤੇ ਇਸ ਦਾ ਲਾਰਵਾ ਪੈਦਾ ਕਰਦਾ ਹੈ। ਇਸ ਲਈ ਨਾ ਕੇਵਲ ਸਿਹਤ ਮਹਿਕਮਾ, ਸਗੋਂ ਸਥਾਨਕ ਸਰਕਾਰਾਂ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਸਮੇਤ ਹੋਰ ਸੰਬੰਧਿਤ ਮਹਿਕਮੇ ਅਤੇ ਭ੍ਰਿਸ਼ਟ ਤੰਤਰ ਜ਼ਿੰਮੇਵਾਰ ਹੈ। 

LEAVE A REPLY

Please enter your comment!
Please enter your name here