*ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਫੈਸਲਾ, ਪ੍ਰਾਈਵੇਟ ਹਸਪਤਾਲਾਂ ‘ਚ ਸਿਰਫ 600 ਰੁਪਏ ‘ਚ ਮਿਲੇਗੀ ਇਹ ਸਹੂਲਤ*

0
204

ਚੰਡੀਗੜ੍ਹ(ਸਾਰਾ ਯਹਾਂ ) : ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਡੇਂਗੂ ਨੂੰ ਕੰਟਰੋਲ ਕਰਨ ਲਈ ਡਿਪਟੀ ਕਮਿਸ਼ਨਰਾਂ ਦੀ ਅਗਵਾਈ ‘ਚ ਜ਼ਿਲ੍ਹਾ ਪੱਧਰੀ ਕਮੇਟੀਆਂ ਦੇ ਗਠਨ ਦੇ ਆਦੇਸ਼ ਦਿੱਤੇ ਹਨ। ਪੰਜਾਬ ਭਵਨ ਵਿਖੇ ਡੇਂਗੂ ਦੇ ਵਧਦੇ ਮਾਮਲਿਆਂ ਨੂੰ ਕੰਟਰੋਲ ਕਰਨ ਲਈ ਸਟੇਟ ਟਾਸਕ ਫੋਰਸ ਦੀ ਇੰਟਰ ਸੈਕਟੋਰਲ ਕੋ-ਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੋਨੀ ਨੇ ਸੂਬੇ ‘ਚ ਡੇਂਗੂ ਦੇ ਵਧ ਰਹੇ ਖਤਰੇ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਨੇ ਡੇਂਗੂ ਟੈਸਟ ਕਰਵਾਉਣ ਲਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਨਿੱਜੀ ਹਸਪਤਾਲਾਂ ਤੇ ਲੈਬਾਰਟਰੀਆਂ ‘ਚ ਡੇਂਗੂ ਟੈਸਟ ਦੀ ਲਾਗਤ 600 ਰੁਪਏ ਤੈਅ ਕੀਤੀ ਹੈ। ਇਸ ਸਬੰਧੀ ਵਿਭਾਗ ਵੱਲੋਂ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਹੈ।

ਇਸ ਮੌਕੇ ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਤੇ ਪੰਜਾਬ ਰਾਜ ਪੇਂਡੂ ਵਿਕਾਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਤੇ ਮਲੇਰੀਆ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਜਲਦੀ ਤੋਂ ਜਲਦੀ ਨਵੀਆਂ ਫੌਗਿੰਗ ਮਸ਼ੀਨਾਂ ਤੇ ਹੋਰ ਉਪਕਰਣ ਖਰੀਦ ਲਏ ਜਾਣ।

ਇਸ ਮੌਕੇ ਡਾਇਰੈਕਟਰ ਪੰਜਾਬ ਰਾਜ ਪੇਂਡੂ ਵਿਕਾਸ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪੰਜਾਬ ਦੇ 150 ਬਲਾਕਾਂ ਵਿੱਚ ਨਵੀਂ ਫੌਗਿੰਗ ਮਸ਼ੀਨਾਂ ਖਰੀਦਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਨੂੰ ਸੂਰਜ ਡੁੱਬਣ ਤੋਂ ਬਾਅਦ ਸ਼ਹਿਰਾਂ ‘ਚ ਫੌਗਿੰਗ ਦਾ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਓਪੀ ਸੋਨੀ ਨੇ ਕਿਹਾ ਕਿ ਪੰਜਾਬ ਰਾਜ ਦੇ 7 ਜ਼ਿਲ੍ਹਿਆਂ ਵਿੱਚ ਡੇਂਗੂ ਦੇ ਵਧੇਰੇ ਮਾਮਲੇ ਸਾਹਮਣੇ ਆਏ ਹਨ ਅਤੇ ਬਾਕੀ ਜ਼ਿਲ੍ਹਿਆਂ ‘ਚ ਸਥਿਤੀ ਕਾਬੂ ਹੇਠ ਹੈ। ਇਸੇ ਤਰ੍ਹਾਂ ਮਲੇਰੀਆ ਦੇ ਬਹੁਤ ਘੱਟ ਮਾਮਲੇ ਵੀ ਸਾਹਮਣੇ ਆਏ ਹਨ।

ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਅਤੇ ਮਲੇਰੀਆ ਨੂੰ ਰੋਕਣ ਲਈ ਆਪਣੇ ਘਰਾਂ ‘ਚ ਪਾਣੀ ਇਕੱਠਾ ਨਾ ਹੋਣ ਦੇਣ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਬੀਮਾਰ ਹੋਣ ਦੀ ਸਥਿਤੀ ‘ਚ ਡੇਂਗੂ ਤੇ ਮਲੇਰੀਆ ਦੀ ਜਾਂਚ ਕਰਵਾਉਣ ਲਈ ਤੁਰੰਤ ਸਰਕਾਰੀ ਹਸਪਤਾਲਾਂ ‘ਚ ਜਾਓ। ਇਹ ਟੈਸਟ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਕੀਤੇ ਜਾਂਦੇ ਹਨ।

ਮੀਟਿੰਗ ‘ਚ ਸਿਹਤ ਸਕੱਤਰ ਤੇ ਪਰਿਵਾਰ ਭਲਾਈ ਵਿਕਾਸ ਗਰਗ, ਸੀਈਓ ਸਟੇਟ ਹੈਲਥ ਏਜੰਸੀ ਕੁਮਾਰ ਰਾਹੁਲ, ਐਮਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਮਿਤ ਕੁਮਾਰ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਪੁਨੀਤ ਗੋਇਲ, ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਛਤਵਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here