*ਜ਼ਿਲ੍ਹਾ ਪੱਧਰੀ ਸਵੀਪ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ*

0
40


ਮਾਨਸਾ, 18 ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ): ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿੱਚ ਜ਼ਿਲ੍ਹਾ ਮਾਨਸਾ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਵੋਟਰ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਅੱਜ ਜ਼ਿਲ੍ਹਾ ਪੱਧਰੀ ਸਵੀਪ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ.  ਉਪਕਾਰ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਹਾਲੇ ਤੱਕ ਵੋਟ ਬਣਵਾਉਣ ਤੋਂ ਵਾਂਝੇ ਨਾਗਰਿਕਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਵਿਸ਼ੇਸ਼ ਸੁਧਾਈ ਪ੍ਰੋਗਰਾਮ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਨਾਗਰਿਕ ਵੋਟਾਂ ਬਣਵਾਉਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਵੋਟ ਬਣਵਾਉਣ, ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ, ਹੈਲਪਲਾਈਨ ਨੰਬਰ 1950, ਵੋਟਰ ਹੈਲਪਲਾਈਨ ਮੋਬਾਇਲ ਐਪਲੀਕੇਸ਼ਨ, ਦਿਵਿਆਂਗ ਵੋਟਰਾਂ ਨੂੰ ਪੀ.ਡਬਲਿਊ.ਡੀ ਐਪਲੀਕੇਸ਼ਨ ਦੀ ਵਰਤੋਂ, ਨਵੀਂ ਵੋਟ ਬਣਵਾਉਣ, ਵੋਟ ਕਟਵਾਉਣ ਦੇ ਫਾਰਮ ਭਰਨ ਤੇ ਜਮ੍ਹਾਂ ਕਰਵਾਉਣ ਸਮੇਤ ਵਿਸ਼ੇਸ਼ ਕੈਂਪਾਂ ਦੇ ਸਥਾਨ ਅਤੇ ਤਾਰੀਖਾਂ ਬਾਰੇ ਜਾਣੂ ਕਰਵਾਇਆ ਜਾਵੇ ਜਿਸ ਲਈ ਵਿਆਪਕ ਪੱਧਰ ’ਤੇ ਯੋਜਨਾਬੱਧ ਢੰਗ ਨਾਲ ਉਪਰਾਲੇ ਕੀਤੇ ਜਾਣ। 
ਸ. ਉਪਕਾਰ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਵੀਪ ਦੇ ਨੋਡਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 18 ਸਾਲ ਤੋਂ 21 ਸਾਲ ਉਮਰ ਵਰਗ ਦੇ ਵਿਦਿਆਰਥੀਆਂ ਨੂੰ ਵੋਟ ਬਣਵਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਕਾਲਜ ਪੱਧਰ ’ਤੇ ਕੈਂਪਸ ਅੰਬੈਸਡਰ ਤਾਇਨਾਤ ਕੀਤੇ ਜਾਣ। ਉਨ੍ਹਾਂ ਵਿਦਿਅਕ ਅਦਾਰਿਆਂ ਵਿੱਚ ਵੋਟਾਂ ਦੀ ਅਹਿਮੀਅਤ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਜਿਵੇਂ ਭਾਸ਼ਣ ਮੁਕਾਬਲੇ, ਰੈਲੀਆਂ, ਪੇਂਟਿੰਗ, ਕਵਿਤਾ, ਗੀਤ ਮੁਕਾਬਲੇ ਤੇ ਜਾਗੋ ਆਦਿ ਜਿਹੇ ਮੁਕਾਬਲੇ ਕਰਵਾਉਣ ਲਈ ਵੀ ਹਦਾਇਤ ਕੀਤੀ।  ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕਾਰਜਸ਼ੀਲ ਰਹਿਣ ਅਤੇ ਸਵੀਪ ਗਤੀਵਿਧੀਆਂ ਦਾ ਆਯੋਜਨ ਸ਼ਹਿਰੀ ਤੇ ਦਿਹਾਤੀ ਪੱਧਰ ’ਤੇ ਲਗਾਤਾਰ ਕਰਦੇ ਰਹਿਣ ਲਈ ਵੀ ਆਦੇਸ਼ ਦਿੱਤੇ। ਉਨ੍ਹਾਂ ਆਸ਼ਾ ਵਰਕਰਾਂ ਤੇ ਆਂਗਣਵਾੜੀ ਵਰਕਰਾਂ ਰਾਹੀਂ ਘਰ ਘਰ ਵਿੱਚ ਸਵੀਪ ਗਤੀਵਿਧੀਆਂ ਬਾਰੇ ਸੁਨੇਹੇ ਪਹੁੰਚਾਉਣ ਲਈ ਆਖਿਆ ਤਾਂ ਜੋ ਵਿਸ਼ੇਸ਼ ਸੁਧਾਈ ਪ੍ਰੋਗਰਾਮ ਤੋਂ ਪਹਿਲਾਂ ਪਹਿਲਾਂ ਸਾਰੇ ਨਾਗਰਿਕ ਇਸ ਬਾਰੇ ਜਾਣੂ ਹੋਣ ਅਤੇ ਵੋਟ ਬਣਵਾਉਣ ਜਾਂ ਵੋਟਾਂ ਨਾਲ ਹੀ ਸਬੰਧਤ ਕਾਰਜ ਦਾ ਯੋਗ ਨਿਪਟਾਰਾ ਕਰਵਾ ਸਕਣ। ਉਨ੍ਹਾਂ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਵੋਟਾਂ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਚੋਣ ਕਮਿਸ਼ਨ ਦੇ ਹੈਲਪਲਾਈਨ ਨੰਬਰ 1950 ਦੀ ਵਰਤੋਂ ਕੀਤੀ ਜਾਵੇ। 
ਮੀਟਿੰਗ ਦੌਰਾਨ ਏ.ਡੀ.ਸੀ  ਅਮਰਪ੍ਰੀਤ ਕੌਰ ਸੰਧੂ, ਐਸ.ਡੀ.ਐਮ ਮਾਨਸਾ ਡਾ. ਸ਼ਿਖਾ ਭਗਤ, ਐਸ.ਡੀ.ਐਮ ਬੁਢਲਾਡਾ ਕਾਲਾ ਰਾਮ ਕਾਂਸਲ, ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਨਵਨੀਤ ਜੋਸ਼ੀ, ਤਹਿਸੀਲਦਾਰ ਚੋਣਾਂ ਹਰੀਸ਼ ਕੁਮਾਰ, ਸਹਾਇਕ ਨੋਡਲ ਅਫ਼ਸਰ ਨਰਿੰਦਰ ਸਿੰਘ, ਚੋਣ ਕਾਨੂੰਗੋ ਭੂਸ਼ਣ ਕੁਮਾਰ, ਪੀ.ਡਬਲਿਊ.ਡੀ ਕੋਆਰਡੀਨੇਟਰ ਸੰਜੀਵ ਗੋਇਲ ਸਮੇਤ ਯੁਵਕ ਸੇਵਾਵਾਂ, ਕਿਰਤ ਵਿਭਾਗ, ਉਦਯੋਗ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਨਹਿਰੂ ਯੁਵਾ ਕੇਂਦਰ, ਸਿਹਤ ਵਿਭਾਗ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਵਿਧਾਨ ਸਭਾ ਪੱਧਰ ਦੇ ਸਵੀਪ ਨੋਡਲ ਅਧਿਕਾਰੀ, ਰੋਜ਼ਗਾਰ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here