![](https://sarayaha.com/wp-content/uploads/2025/01/dragon.png)
ਅੰਮ੍ਰਿਤਸਰ (ਸਾਰਾ ਯਹਾਂ/ਬਿਊਰੋ ਨਿਊਜ਼): ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਪੰਜਾਬ ਦੌਰੇ ਦੌਰਾਨ ਅੱਜ ਭਗਵਾਨ ਵਾਲਮੀਕਿ ਜੀ ਦੇ ਅਸਥਾਨ ਸ੍ਰੀ ਰਾਮ ਤੀਰਥ ਧਾਮ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਭਗਵਾਨ ਵਾਲਮੀਕੀ ਜੀ ਦਾ ਅਸ਼ੀਰਵਾਦ ਲਿਆ।
ਸ਼ਨੀਵਾਰ ਸਵੇਰੇ ਮੁਨੀਸ਼ ਸਿਸੋਦੀਆ ਦਿੱਲੀ ਤੋਂ ਅੰਮ੍ਰਿਤਸਰ ਪਹੁੰਚੇ ਸਨ। ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸਾਬਕਾ ਡੀ.ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ, ਸੂਬਾ ਸੰਯੁਕਤ ਸਕੱਤਰ ਅਸ਼ੋਕ ਤਲਵਾੜ, ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਜੀਵਨਜੋਤ ਕੌਰ ਅਤੇ ਹੋਰ ਸਥਾਨਕ ਆਗੂਆਂ ਨਾਲ ਮੁਨੀਸ਼ ਸਿਸੋਦੀਆ ਦਾ ਅੰਮ੍ਰਿਤਸਰ ਏਅਰਪੋਰਟ ‘ਤੇ ਸਵਾਗਤ ਕੀਤਾ, ਜਿੱਥੋਂ ਉਹ ਰਾਮ ਤੀਰਥ ਧਾਮ ਵਿਖੇ ਪੁੱਜੇ।
ਰਾਮ ਤੀਰਥ ਧਾਮ ਪਹੁੰਚ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਅੱਗੇ ਮੱਥਾ ਟੇਕਿਆ ਅਤੇ ਪੰਜਾਬ ਦੀ ਖ਼ੁਸ਼ਹਾਲੀ, ਸੁੱਖ- ਸ਼ਾਂਤੀ ਦੀ ਕਾਮਨਾ ਕੀਤੀ।
ਉਨ੍ਹਾਂ ਕਿਹਾ, ”ਭਗਵਾਨ ਵਾਲਮੀਕਿ ਜੀ ਗਿਆਨ ਦੇ ਅਥਾਹ ਗਿਆਤਾ ਸਨ, ਜਿਨ੍ਹਾਂ ਤ੍ਰੇਤਾ ਦੇ ਅਵਤਾਰ ਰਾਮ ਚੰਦਰ ਜੀ ਦੇ ਜੀਵਨ ਅਤੇ ਇਤਿਹਾਸ ਨੂੰ ਕਲਮਬੰਧ ਕੀਤਾ ਹੈ। ਉਨ੍ਹਾਂ ਇਸ ਪਵਿੱਤਰ ਅਸਥਾਨ ‘ਤੇ ਆ ਕੇ ਪੰਜਾਬ ਦੀ ਖ਼ੁਸ਼ਹਾਲੀ ਅਤੇ ਤਰੱਕੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਰਦਾਸ ਕੀਤੀ ਹੈ।”
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)