ਮਾਨਸਾ, 9 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ): ਪੈਰਾ ਲੀਗਲ ਵਲੰਟੀਅਰਾਂ ਦੀ ਕਾਨੂੰਨੀ ਸੇਵਾਵਾਂ ਦੇ ਪਸਾਰ ਲਈ ਬਹੁਤ ਮਹੱਤਵਪੂਰਨ ਭੂਮਿਕਾ ਹੈ। ਪੈਰਾ ਲੀਗਲ ਵਲੰਟੀਅਰਾਂ ਨੂੰ ਚਾਹੀਦਾ ਹੈ ਕਿ ਉਹ ਫੀਲਡ ਵਿਚ ਪੂਰੀ ਤਨਦੇਹੀ ਨਾਲ ਕੰਮ ਕਰਕੇ ਆਮ ਲੋਕਾਂ ਅਤੇ ਕਾਨੂੰਨ ਵਿਚਾਲੇ ਪੁਲ ਦੀ ਭੂਮਿਕਾ ਅਦਾ ਕਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਸ਼੍ਰੀਮਤੀ ਸ਼ਿਲਪਾ ਨੇ ਪੈਰਾ ਲੀਗਲ ਵਲੰਟੀਅਰਾਂ ਦੀ ਤਿੰਨ ਰੋਜਾ ਟ੍ਰੇਨਿੰਗ ਦੇ ਆਖਰੀ ਦਿਨ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਕੋਵਿਡ-19 ਦੇ ਦੁਰ ਪ੍ਰਭਾਵਾਂ ਕਰਕੇ ਮੁਫ਼ਤ ਕਾਨੂੰਨੀ ਸੇਵਾਵਾਂ ਦੇ ਪਸਾਰ ਵਿਚ ਕਾਫੀ ਦਿੱਕਤਾਂ ਪੇਸ਼ ਆਈਆਂ ਪਰ ਹੁਣ ਇਹ ਪ੍ਰਭਾਵ ਘਟਣ ਨਾਲ ਸੇਵਾਵਾਂ ਦੇ ਪਸਾਰ ਵਿਚ ਤੇਜੀ ਲਿਆਂਦੀ ਜਾਵੇਗੀ। ਟ੍ਰੇਨਿੰਗ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਲਵੰਤ ਭਾਟੀਆ ਨੇ ਕਿਹਾ ਕਿ ਹਾਸ਼ੀਆ ਗ੍ਰਸਤ ਸ਼੍ਰੇਣੀ ਦੇ ਲੋਕ ਜਾਣਕਾਰੀ ਦੀ ਘਾਟ ਹੋਣ ਕਰਕੇ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਪੈਰਾ ਲੀਗਲ ਵਲੰਟੀਅਰ ਇਹ ਲਾਭ ਲੋਕਾਂ ਤੱਕ ਪਹੰਚਾਉਣ ਲਈ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਵਲੰਟੀਅਰਾਂ ਨੂੰ ਉਨ੍ਹਾਂ ਦੀ ਨਿਯੁਕਤੀ ਉੱਪਰ ਵਧਾਈ ਦਿੱਤੀ। ਟ੍ਰੇਨਿੰਗ ਦੇ ਵੱਖ ਵੱਖ ਸੈਸ਼ਨਾਂ ਵਿਚ ਹੋਰਨਾ ਤੋਂ ਇਲਾਵਾ ਐਡਵੋਕੇਟ ਰੋਹਿਤ ਸਿੰਗਲ, ਐਡਵੋਕੇਟ ਬਲਵੰਤ ਭਾਟੀਆ ਅਤੇ ਬਾਲ ਸੁਰੱਖਿਆ ਵਿਭਾਗ ਦੇ ਮੈਂਬਰ ਮੌਜੂਦ ਸਨ