ਚੰਡੀਗੜ, 6 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਮੰਗਲਵਾਰ ਸ਼ਾਮ ਸ੍ਰੀਨਗਰ ਸ਼ਹਿਰ ਵਿੱਚ ਕਸ਼ਮੀਰੀ ਪੰਡਤ ਭਾਈਚਾਰੇ ਦੇ ਮੈਂਬਰਾਂ ਦੀ ਚੁਣ ਕੇ ਕੀਤੀ ਹੱਤਿਆ ਦੀ ਨਿੰਦਾ ਕੀਤੀ ਹੈ।
ਸਪੀਕਰ ਨੇ ਅੱਜ ਇੱਥੋਂ ਜਾਰੀ ਬਿਆਨ ਵਿੱਚ ਕਿਹਾ, “ਇਹ ਬੜਾ ਮੰਦਭਾਗਾ ਹੈ ਕਿ ਸੂਬਾ ਉਨਾਂ ਲੋਕਾਂ ਦੀ ਜਾਨਾਂ ਦੀ ਰਾਖੀ ਕਰਨ ਵਿੱਚ ਅਸਫਲ ਰਿਹਾ ਹੈ, ਜਿਨਾਂ ਨੇ ਕਸ਼ਮੀਰ ਵਿੱਚ ਅੱਤਵਾਦ ਵਿਰੁੱਧ ਡੱਟੇ ਰਹਿਣਾ ਪਸੰਦ ਕੀਤਾ ਹੈ ।”
ਸਪੀਕਰ ਨੇ ਕਿਹਾ ਕਿ ਇਨਾਂ ਕਤਲਾਂ ਵਿੱਚ ਇੱਕ ਵਿਸ਼ੇਸ਼ ਢੰਗ ਅਪਣਾਇਆ ਜਾ ਰਿਹਾ ਹੈ ਅਤੇ ਅੱਤਵਾਦੀ ਆਮ ਤੌਰ ‘ਤੇ ਉਨਾਂ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ , ਜੋ ਇਨਾਂ ਸਾਲਾਂ ਦੌਰਾਨ ਵਾਦੀ ਵਿੱਚ ਅੱਤਵਾਦ ਵਿਰੁੱਧ ਡੱਟੇ ਰਹੇ।
ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਚੋਣਵੇਂ ਢੰਗ ਨਾਲ ਕੀਤੀਆਂ ਇਨਾਂ ਹੱਤਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਕਸ਼ਮੀਰ ਵਿੱਚ ਫੌਰੀ ਅਤੇ ਲੋੜੀਂਦੇ ਸੁਰੱਖਿਆ ਉਪਾਵਾਂ ਦੀ ਮੰਗ ਕਰਦਿਆਂ ਉਨਾਂ ਕਿਹਾ ਕਿ ਇਨਾਂ ਕਤਲਾਂ ਨੇ ਕਸ਼ਮੀਰ ਵਿੱਚ ਰਹਿ ਰਹੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਡਰਾਇਆ ਅਤੇ ਦਹਿਲਾ ਕੇ ਰੱਖ ਦਿੱਤਾ ਹੈ । ਇਸ ਲਈ ਮਹੱਤਵਪੂਰਨ ਹੈ ਕਿ ਉਨਾਂ ਦਾ ਵਿਸ਼ਵਾਸ ਬਹਾਲ ਹੋਵੇ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਕਸ਼ਮੀਰ ਵਿੱਚ ਰਹਿ ਰਹੇ ਘੱਟ ਗਿਣਤੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਉਨਾਂ ਦੀ ਜਾਨ, ਮਾਲ ਨੂੰ ਸੁਰੱਖਿਅਤ ਰੱਖਣ ਲਈ ਉਨਾਂ ਦਾ ਵਿਸ਼ਵਾਸ ਜਿੱਤਣ ਦੇ ਯੋਗ ਨਹੀਂ ਹੁੰਦੇ ਤਾਂ ਧਾਰਾ 370 ਨੂੰ ਹਟਾਉਣ ਦਾ ਮਕਸਦ ਸ਼ਾਇਦ ਹੀ ਪੂਰਾ ਹੋ ਸਕੇ।