ਜਲੰਧਰ (ਸਾਰਾ ਯਹਾਂ): ਪੰਜਾਬੀ ਅਦਾਕਾਰ ਦੀਪ ਸਿੱਧੂ ਖ਼ਿਲਾਫ ਰਵਿਦਾਸੀਆ ਸਮਾਜ ਤੇ ਵਾਲਮੀਕਿ ਸਮਾਜ ਦੇ ਭਾਈਚਾਰੇ ਖ਼ਿਲਾਫ਼ ਜਾਤੀਸੂਚਕ ਸ਼ਬਦ ਬੋਲ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਐੱਸਸੀ-ਐੱਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਜਲੰਧਰ ਦੇ ਨਵੀਂ ਬਾਰਾਦਰੀ ਥਾਣੇ ’ਚ ਦਰਜ ਹੋਇਆ।
ਰਵਿਦਾਸੀਆ ਅਤੇ ਵਾਲਮੀਕ ਸਮਾਜ ਦੇ ਭਾਈਚਾਰਿਆਂ ਨਾਲ ਸਬੰਧਿਤ ਜਥੇਬੰਦੀ ਦੇ ਆਗੂ ਜੱਸੀ ਤੱਲ੍ਹਣ ਨੇ ਕਿਹਾ ਕਿ ਦੀਪ ਸਿੱਧੂ ਨੇ 5 ਵਿਅਕਤੀਆਂ ਨਾਲ ਫੇਸਬੁੱਕ ਤੋਂ ਲਾਈਵ ਹੋ ਕੇ ਰਵਿਦਾਸੀਆ ਤੇ ਵਾਲਮੀਕਿ ਭਾਈਚਾਰਿਆਂ ਖ਼ਿਲਾਫ ਜਾਤੀਸੂਚਕ ਸ਼ਬਦ ਬੋਲੇ ਸੀ। ਜਿਸ ਦੇ ਖਿਲਾਫ ਉਨ੍ਹਾਂ ਵੱਲੋਂ ਥਾਣਾ ਬਾਰਾਦਰੀ ‘ਚ ਸ਼ਿਕਾਇਤ ਦਿੱਤੀ ਗਈ ਸੀ। ਜਿਸ ‘ਤੇ ਹੁਣ ਪਰਚਾ ਦਰਜ ਕੀਤਾ ਗਿਆ ਹੈ।
ਓਧਰ ਡੀਸੀਪੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਅਧਾਰ ‘ਤੇ ਦੀਪ ਸਿੱਧੂ ਐਸਸੀ ਐਸਟੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਜਲਦ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਕਿਸਾਨ ਸੰਘਰਸ਼ ਦੌਰਾਨ ਅਦਕਾਰ ਦੀਪ ਸਿੱਧੂ ਨੌਜਵਾਨਾਂ ਵਿੱਚ ਕਾਫੀ ਹਰਮਨਪਿਆਰੇ ਲੀਡਰ ਵਜੋਂ ਉੱਭਰੇ ਸੀ। ਦਿੱਲੀ ਵਿੱਚ 26 ਜਨਵਰੀ ਨੂੰ ਲਾਲ ਕਿਲੇ ਦੀ ਘਟਨਾ ਮਗਰੋਂ ਉਹ ਵਿਵਾਦਾਂ ਵਿੱਚ ਘਿਰ ਗਏ ਸੀ। ਕਿਸਾਨ ਜਥੇਬੰਦੀਆਂ ਨੇ ਵੀ ਉਨ੍ਹਾਂ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਸੀ। ਉਨ੍ਹਾਂ ਉਪਰ ਮਕੱਦਮੇ ਵੀ ਦਰਜਾ ਹੋਏ ਹਨ ਤੇ ਇਸ ਵੇਲੇ ਉਹ ਜ਼ਮਾਨਤ ‘ਤੇ ਬਾਹਰ ਹਨ।
ਦੀਪ ਸਿੱਧੂ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਹਿੱਤਾਂ ਲਈ ਪਹਿਰਾ ਦੇਣ ਦਾ ਹੋਕਾ ਦਿੰਦਿਆਂ ਨਵੀਂ ਜਥੇਬੰਦੀ ‘ਵਾਰਿਸ ਪੰਜਾਬ ਦੇ’ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਲੋਕਾਂ ਨੂੰ ਧਰਮ ਤੇ ਜਾਤ ਦੇ ਆਧਾਰ ’ਤੇ ਵੰਡਣ ਲੱਗੀਆਂ ਹਨ ਜਦਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਰਾਜਨੀਤਕ ਨਾ ਹੋ ਕੇ ਪੰਜਾਬੀਆਂ ਦੇ ਹਿੱਤਾਂ ਲਈ ਸੰਘਰਸ਼ ਕਰੇਗੀ। ਉਨ੍ਹਾਂ ਇਸ਼ਾਰਾ ਕੀਤਾ ਕਿ ਜਥੇਬੰਦੀ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਪੰਜਾਬ ਪੱਖੀ ਪਾਰਟੀ ਦੀ ਹਮਾਇਤ ਕਰ ਸਕਦੀ ਹੈ।