*ਨਵਜੋਤ ਸਿੱਧੂ ਦੇ ਅਸਤੀਫ਼ੇ ’ਤੇ ਭੜਕੇ ਭਗਵੰਤ ਮਾਨ, ਕਿਹਾ ਕੁਰਸੀ ਲਈ ਪੰਜਾਬ ਦੀ ਬੇਇਜ਼ਤੀ ਕਰ ਰਹੇ ਕਾਂਗਰਸੀ*

0
80

ਚੰਡੀਗੜ੍ਹ (ਸਾਰਾ ਯਹਾਂ/ਬਿਊਰੋ ਰਿਪੋਰਟ ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਅਚਨਚੇਤ ਅਸਤੀਫ਼ੇ ਉਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਆਪਣੇ ਲਈ ਕੁਰਸੀ ਦੀ ਲੜਾਈ ’ਚ ਕਾਂਗਰਸੀ ਆਗੂ ਪੰਜਾਬ ਅਤੇ ਪੰਜਾਬੀਆਂ ਦੀ ਬੇਇਜ਼ਤੀ ਕਰ ਰਹੇ ਹਨ।

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੁਰਸੀ ਅਤੇ ਹੰਕਾਰ  ਦੀ ਲੜਾਈ ’ਚ ਕਾਂਗਰਸੀ ਸਾਰੀਆਂ ਹੱਦਾਂ ਟੱਪ ਗਏ। ਮਾਨ ਮੁਤਾਬਿਕ , ‘‘ਪੰਜਾਬ ਕਦੇ ਵੀ ਐਨਾ ਬੇਇਜ਼ਤ ਨਹੀਂ ਹੋਇਆ। ਹਰ ਦਿਨ ਸਵੇਰੇ- ਸ਼ਾਮ ਕਲੰਕ ਦੇ ਟਿੱਕੇ ਲਾ- ਲਾ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਬੇਹਾਲ ਕਰ ਦਿੱਤਾ ਹੈ। ਇਹਨਾਂ ਦੀ ਕੁਰਸੀ ਦੀ ਭੁੱਖ ਕਿਸੇ ਨੂੰ ਵੀ ਸ਼ਰਮਿੰਦਾ ਕਰ ਸਕਦੀ ਹੈ। ਰੱਬ ਅੱਗੇ ਅਰਦਾਸ ਹੈ ਕਿ ਇਹਨਾਂ ਕੁਰਸੀ ਦੇ ਭੁੱਖੇ ਕਾਂਗਰਸੀਆਂ ਕੋਲੋਂ ਪੰਜਾਬ ਅਤੇ ਪੰਜਾਬੀਆਂ ਦਾ ਖਹਿੜਾ ਛੁਡਾਵੇ।’’ 

ਭਗਵੰਤ ਮਾਨ ਨੇ ਕਿਹਾ ਕਿ ‘‘ਅੱਜ ਪੰਜਾਬ ਦੀ ਆਨ ਅਤੇ ਸ਼ਾਨ ਦੀ ਬਹਾਲੀ ਪੰਜਾਬ ਦੀ ਜਨਤਾ ਦੇ ਹੱਥ ਵਿੱਚ ਹੈ। ਬਾਦਲਾਂ ਵਾਂਗ ਕਾਂਗਰਸੀਆਂ ਨੂੰ ਵੀ ਸੱਤਾ ’ਚ ਬਣੇ ਰਹਿਣ ਦਾ ਇੱਕ ਮਿੰਟ ਦਾ ਵੀ ਅਧਿਕਾਰ ਨਹੀਂ ਰਿਹਾ। ਇਹਨਾਂ ਦੀਆਂ ਜੜ੍ਹਾਂ ਉਖਾੜਨ ਦਾ ਸਮਾਂ ਆ ਗਿਆ ਹੈ। ਪੰਜਾਬ ਦੀ ਸਿਆਸਤ ’ਚ ਅੱਜ ਕੇਵਲ ਆਮ ਆਦਮੀ ਪਾਰਟੀ ਹੀ ਬਚੀ ਹੈ, ਜਿਸ ’ਤੇ ਲੋਕ ਭਰੋਸਾ ਕਰ ਸਕਦੇ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਦਿੱਲੀ ’ਚ ਆਪਣੀ ਭਰੋਸੇਯੋਗਤਾ ਲਗਾਤਾਰ ਤੀਜੀ ਵਾਰ ਸਾਬਿਤ ਕੀਤੀ ਹੈ।’’

ਉਨ੍ਹਾਂ ਕਿਹਾ ਕਿ “ਕਾਂਗਰਸ ਕੋਲੋਂ ਪੰਜਾਬ ਦੇ ਭਲੇ ਦੀ ਕੋਈ ਉਮੀਦ ਨਹੀਂ ਬਚੀ ਹੈ ਕਿਉਂਕਿ ਕਾਂਗਰਸ ਦਾ ਸੱਭਿਆਚਾਰ ਹੈ, ਜਿੱਥੇ ਕਾਂਗਰਸੀ ਲੋਕਾਂ ਲਈ ਨਹੀਂ ਸਿਰਫ਼ ਆਪਣੀ ਕੁਰਸੀ ਲਈ ਲੜਦੇ ਹਨ। ਪੰਜਾਬ ਦੀ ਸੱਤਾਧਾਰੀ ਕਾਂਗਰਸ ਇਸ ਦੀ ਤਾਜ਼ਾ ਮਿਸਾਲ ਹੈ।”

ਮਾਨ ਨੇ ਟਿੱਪਣੀ ਕਰਦਿਆਂ ਕਿਹਾ ਕਿ, “ਜੇਕਰ ਅੱਜ ਵੀ ਕਾਂਗਰਸ ਨਵਜੋਤ ਸਿੰਘ ਸਿੱਧੂ ਲਈ ‘ਸੁਪਰ ਸੀ.ਐਮ’ ਦੀ ਇੱਕ ਵੱਖਰੀ ਕੁਰਸੀ ਲਾ ਦੇਵੇ ਤਾਂ ਨਵਜੋਤ ਸਿੰਘ ਸਿੱਧੂ ਝੱਟ ਸ਼ਾਂਤ ਹੋ ਜਾਣਗੇ। ‘ਆਪ’ ਆਗੂ ਨੇ ਕਿਹਾ ਕਿ ਜੇਕਰ ਸਿੱਧੂ ਸੱਚਮੁੱਚ ਪੰਜਾਬ ਹਿਤੈਸ਼ੀ ਹੁੰਦੇ ਤਾਂ ਜਦ ਨਵੀਂ ਕੈਬਨਿਟ ਲਈ ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਸਿੰਘ ਕੋਟਲੀ ਅਤੇ ਰਾਜ ਵੜਿੰਗ ਵਰਗੇ ਦਾਗੀ ਮੰਤਰੀਆਂ ਦੀ ਸੂਚੀ ਤਿਆਰ ਹੋ ਰਹੀ ਸੀ ਤਾਂ ਉਸ ਸਮੇਂ ਅਸਤੀਫ਼ਾ ਦਿੰਦੇ।”

LEAVE A REPLY

Please enter your comment!
Please enter your name here