ਚੰਡੀਗੜ੍ਹ (ਸਾਰਾ ਯਹਾਂ) : ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸੁਰੱਖਿਆ ਲਈ 1000 ਮੁਲਾਜ਼ਮ ਤੇ 200 ਗੱਡੀਆਂ ਨਹੀਂ ਚਾਹੀਦੀਆਂ। ਉਨ੍ਹਾਂ ਕਿਹਾ ਹੈ ਕਿ ਮੈਨੂੰ ਕਿਸੇ ਨੇ ਮਾਰ ਕੇ ਕੀ ਲੈਣਾ। ਇਸ ਲਈ ਸੁਰੱਖਿਆ ਲਈ ਸਿਰਫ 8-10 ਬੰਦੇ ਹੀ ਬਹੁਤ ਹਨ। ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਨੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੂੰ ਹਦਾਇਤ ਕੀਤੀ ਹੈ।
ਅਹਿਮ ਹੈ ਕਿ ਹੁਣ ਤੱਕ ਮੁੱਖ ਮੰਤਰੀਆਂ ਨਾਲ 1000 ਤੋਂ ਵੱਧ ਸੁਰੱਖਿਆ ਮੁਲਾਜ਼ਮ ਤੇ ਹੋਰ ਅਮਲਾ ਤਾਇਨਾਤ ਰਹਿੰਦਾ ਹੈ। 200 ਗੱਡੀਆਂ ਦਾ ਕਾਫਲਾ ਹੋਣ ਕਰਕੇ ਜਿੱਥੇ ਜਨਤਾ ਦੇ ਕਰੋੜਾਂ ਰੁਪਏ ਖਰਚ ਹੁੰਦੇ ਹਨ, ਉੱਥੇ ਹੀ ਮੁੱਖ ਮੰਤਰੀ ਦੇ ਆਉਣ-ਜਾਣ ਨਾਲ ਆਮ ਲੋਕਾਂ ਨੂੰ ਵੀ ਟ੍ਰੈਫਿਕ ਵਿੱਚ ਫਸ ਕੇ ਪ੍ਰਸ਼ਾਨੀ ਹੁੰਦੀ ਹੈ।
ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਇੰਨੀ ਸੁਰੱਖਿਆ ਦੀ ਕੀ ਲੋੜ ਹੈ ਕਿਉਂਕਿ ਉਨ੍ਹਾਂ ਨੂੰ ਮਾਰ ਕੇ ਕਿਸੇ ਨੂੰ ਕੀ ਮਿਲਣਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਸੁਰੱਖਿਆ ’ਚ ਇੱਕ ਹਜ਼ਾਰ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਤੇ 200 ਗੱਡੀਆਂ ਦਾ ਕਾਫਲਾ ਹੁੰਦਾ ਹੈ। ਉਨ੍ਹਾਂ ਕਿਹਾ, ‘‘ਮੈਂ ਆਜ਼ਾਦ ਬੰਦਾ ਹਾਂ, ਮੈਨੂੰ ਮਾਰ ਕੇ ਕਿਸੇ ਨੂੰ ਕੀ ਮਿਲਣਾ।’
ਚੰਨੀ ਨੇ ਕਿਹਾ ਕਿ ਉਨ੍ਹਾਂ ਜਦੋਂ ਆਪਣੇ ਪ੍ਰਿੰਸੀਪਲ ਸਕੱਤਰ ਨੂੰ ਸੁਰੱਖਿਆ ਘਟਾਉਣ ਲਈ ਕਿਹਾ ਤਾਂ ਉਹ ਕਹਿਣ ਲੱਗੇ ਕਿ ਇੰਟੈਲੀਜੈਂਸ ਵਾਲੇ ਨਹੀਂ ਮੰਨਦੇ। ਸੁਰੱਖਿਆ ਘੱਟ ਨਹੀਂ ਹੋ ਸਕਦੀ ਕਿਉਂਕਿ ਕੱਲ੍ਹ ਨੂੰ ਜੇਕਰ ਕੁਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਚੰਨੀ ਨੇ ਸਪੱਸ਼ਟ ਕਿਹਾ ਕਿ ਜੇਕਰ ਕੋਈ ਗੱਲ ਹੋ ਗਈ ਤਾਂ ਉਹ ਖੁਦ ਜ਼ਿੰਮੇਵਾਰ ਹੋਣਗੇ। ਇਸ ਲਈ ਏਨੀ ਸੁਰੱਖਿਆ ਨੂੰ ਵਾਪਸ ਭੇਜੋ ਸਿਰਫ ਅੱਠ-ਦਸ ਬੰਦੇ ਹੀ ਬਹੁਤ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾ ਗੰਨਮੈਨ ਰੱਖਣਾ ਸਟੇਟਸ ਸਿੰਬਲ ਬਣ ਗਿਆ ਹੈ।