ਝੁਨੀਰ/ਮਾਨਸਾ, 17 ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਦੇ ਤਹਿਤ ਲੋੜਵੰਦ ਤੇ ਹੁਨਰਮੰਦ ਨੌਜਵਾਨ ਵਰਗ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਜ਼ਿਲ੍ਹਾ ਮਾਨਸਾ ਵਿਖੇ ਆਯੋਜਿਤ 3 ਮੈਗਾ ਰੋਜ਼ਗਾਰ ਮੇਲਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਨ੍ਹਾਂ ਤਿੰਨ ਮੇਲਿਆਂ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋੜਵੰਦ ਪ੍ਰਾਰਥੀਆਂ ਨੇ ਆਪਣੀ ਰਜਿਸਟਰੇਸ਼ਨ ਕਰਵਾ ਕੇ ਰੋਜ਼ਗਾਰ ਹਾਸਲ ਕੀਤਾ ਜਿਸ ਤੋਂ ਸਪੱਸ਼ਟ ਹੈ ਕਿ ਇਹ ਮੇਲੇ ਲੋੜਵੰਦਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਨੇ ਅੱਜ ਇਨਲਾਈਟਨਡ ਗਰੁੱਪ ਆਫ਼ ਕਾਲਜਿਸ ਝੁਨੀਰ ਵਿਖੇ ਆਯੋਜਿਤ ਮੈਗਾ ਰੋਜ਼ਗਾਰ ਮੇਲੇ ਦਾ ਦੌਰਾ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ 9 ਸਤੰਬਰ ਅਤੇ 14 ਸਤੰਬਰ ਨੂੰ ਲੱਗੇ ਮੇਲਿਆਂ ਦੌਰਾਨ ਕਰੀਬ 4209 ਲੋੜਵੰਦਾਂ ਨੂੰ ਰੋਜ਼ਗਾਰ ਮਿਲਿਆ ਅਤੇ ਅੱਜ ਰੋਜ਼ਗਾਰ ਮੇਲੇ ਦੌਰਾਨ 2792 ਪ੍ਰਾਰਥੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ 2704 ਨੇ ਇੰਟਰਵਿਊ ਦਿੱਤੀ, ਜਿਸ ਵਿੱਚ 19 ਵੱਖ ਵੱਖ ਕੰਪਨੀਆਂ ਦੁਆਰਾ ਚੋਣ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦੇ ਹੋਏ 1865 ਪ੍ਰਾਰਥੀਆਂ ਨੂੰ ਰੋਜ਼ਗਾਰ ਲਈ ਚੁਣਿਆ ਗਿਆ ਜੋ ਕਿ ਇੱਕ ਮਿਆਰੀ ਪਲੇਟਫਾਰਮ ਸਾਬਤ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੋਜ਼ਗਾਰ ਮੇਲਿਆਂ ਵਿੱਚ ਲੋੜਵੰਦਾਂ ਨੂੰ ਵੱਖ ਵੱਖ ਸਰਕਾਰੀ ਵਿਭਾਗਾਂ ਦੁਆਰਾ ਸਵੈ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਸਿਖਲਾਈ ਦੇਣ ਲਈ ਵੀ ਰਜਿਸਟਰਡ ਕੀਤਾ ਗਿਆ ਹੈ ਜਿਨ੍ਹਾਂ ਨੂੰ ਛੇਤੀ ਹੀ ਸਬੰਧਤ ਵਿਭਾਗਾਂ ਵੱਲੋਂ ਟਰੇਨਿੰਗ ਪ੍ਰਦਾਨ ਕੀਤੀ ਜਾਵੇਗੀ ਅਤੇ ਸਬੰਧਤ ਵਿਭਾਗ ਹੀ ਪ੍ਰਾਰਥੀਆਂ ਨੂੰ ਵੱਖ ਵੱਖ ਬੈਂਕਾਂ ਰਾਹੀਂ ਕਰਜ਼ੇ ਦਿਵਾਉਣ ਲਈ ਮਦਦ ਕਰਨਗੇ ਤਾਂ ਜੋ ਜਿਹੜੇ ਹੁਨਰਮੰਦ ਪ੍ਰਾਰਥੀ ਖੁਦ ਆਪਣੇ ਕਾਰੋਬਾਰ ਨੂੰ ਚਲਾਉਣ ਦੀ ਸੋਚ ਰੱਖਦੇ ਹਨ ਉਹ ਵੀ ਇਨ੍ਹਾਂ ਰੋਜ਼ਗਾਰ ਮੇਲਿਆਂ ਦੇ ਰਾਹੀਂ ਆਪਣੇ ਭਵਿੱਖ ਨੂੰ ਸੁਨਿਹਰਾ ਬਣਾਉਣ ਵਿੱਚ ਸਫ਼ਲ ਹੋ ਸਕਦੇ ਹਨ। ਇਸ ਦੌਰਾਨ ਉਨ੍ਹਾਂ ਮੇਲੇ ਵਿੱਚ ਇੰਟਰਵਿਊ ਦੇਣ ਪੁੱਜੇ ਨੌਜਵਾਨ ਲੜਕੇ ਲੜਕੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਨਾਲ ਲਗਾਤਾਰ ਰਾਬਤਾ ਰੱਖਣ ਲਈ ਪ੍ਰੇਰਿਆ ਤਾਂ ਜੋ ਨੌਜਵਾਨ ਵਰਗ ਆਪਣੇ ਆਲੇ ਦੁਆਲੇ ਵੀ ਬਿਓਰੋ ਨਾਲ ਸਬੰਧਤ ਗਤੀਵਿਧੀਆਂ ਬਾਰੇ ਜਾਗਰੂਕਤਾ ਪੈਦਾ ਕਰ ਸਕੇ। ਡਿਪਟੀ ਕਮਿਸ਼ਨਰ ਨੇ ਕਿਰਤੀ ਕਾਮਿਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਸਰਕਾਰ ਦੁਆਰਾ ਆਰੰਭੀ ਮੇਰਾ ਮਾਨ, ਮੇਰਾ ਕਾਮ ਯੋਜਨਾ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਸਰਕਾਰ ਦੁਆਰਾ ਕਰਵਾਏ ਜਾ ਰਹੇ ਮੁਫ਼ਤ ਕੋਰਸ ਬਾਰੇ ਵੀ ਦੱਸਿਆ।
ਇਸ ਮੌਕੇ ਏ.ਡੀ.ਸੀ ਉਪਕਾਰ ਸਿੰਘ, ਸਫ਼ਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਰਾਮ ਸਿੰਘ, ਐਸ.ਡੀ.ਐਮ ਮਨੀਸ਼ਾ ਰਾਣਾ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।