ਗੁਰਦਾਸਪੁਰ: ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਸ਼ਨੀਵਾਰ ਨੂੰ ਬਟਾਲਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਲੌਕਾਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਮੈਂ 11 ਅਗਸਤ ਨੂੰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖਿਆ ਸੀ ਕਿ ਬਟਾਲਾ ਨੂੰ ਪਹਿਲ ਦੇ ਅਧਾਰ ‘ਤੇ ਜ਼ਿਲ੍ਹਾ ਬਣਾਇਆ ਜਾਵੇ ਕਿਉਂਕਿ ਬਟਾਲਾ ਬਹੁਤ ਇਤਿਹਾਸਿਕ ਅਤੇ ਪੁਰਾਤਨ ਸ਼ਹਿਰ ਹੈ। ਉਨ੍ਹਾਂ ਕਿਹਾ ਕਿ ਬਟਾਲਾ ਜ਼ਿਲ੍ਹਾ ਬਣਨ ਲਈ ਹਰ ਸ਼ਰਤ ਪੂਰੀ ਕਰਦਾ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਬਟਾਲਾ ਜ਼ਿਲ੍ਹਾ ਬਣਦਾ ਹੈ, ਤਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਦੇ ਨਾਲ ਹੀ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੱਲ ਸਪਸ਼ਟ ਕਰ ਦਿਤੀ ਹੈ ਕਿ ਉਹ ਜ਼ਿਲ੍ਹਾ ਗੁਰਦਾਸਪੁਰ ਤੋਂ ਹੀ ਚੋਣਾਂ ਲੜਨਗੇ। ਇਹ ਹੁਣ ਹਾਈਕਮਾਨ ਦੀ ਮਰਜੀ ਹੈ, ਕਿ ਉਹ ਉਨ੍ਹਾਂ ਨੂੰ ਕਿਥੋਂ ਚੋਣ ਲੜਵਾਉਂਦੇ ਹਨ। ਕੈਬਿਨਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਬਾਰੇ ਬੋਲਦਿਆਂ ਉਨ੍ਹਾਂਕਿਹਾ ਕਿ ਤ੍ਰਿਪਤ ਰਾਜਿੰਦਰ ਬਾਜਵਾ ਮੇਰੇ ਵੱਡੇ ਭਰਾ ਹਨ ਅਤੇ ਤ੍ਰਿਪਤ ਬਾਜਵਾ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਉਹ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਹੀ ਚੋਣ ਲੜਨਗੇ, ਇਸ ਲਈ ਮੈਂ ਉਥੋਂ ਚੋਣ ਨਹੀਂ ਲੜਗਾਂ।
ਬਟਾਲਾ ਤੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਟਿਕਟ ਕੱਟੇ ਜਾਣ ‘ਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਅਸ਼ਵਨੀ ਮੇਰਾ ਛੋਟਾ ਭਰਾ ਹੈ, ਪਹਿਲਾਂ ਵੀ ਦੋ ਵਾਰ ਮੈਂ ਹੀ ਉਸ ਨੂੰ ਟਿਕਟ ਦਵਾਈ ਸੀ ਅਤੇ ਹੁਣ ਉਨ੍ਹਾਂ ਦੇ ਕੱਦ ਮੁਤਾਬਿਕ ਉਨ੍ਹਾਂ ਨੂੰ ਐਡਜਸਟ ਕੀਤਾ ਜਾਵੇਗਾ।
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਦਿੱਤੇ ਗਏ ਬਿਆਨ ‘ਤੇ ਬੋਲਦਿਆਂ ਪ੍ਰਤਾਪ ਬਾਜਵਾ ਨੇ ਕਿਹਾ ਕਿ ਭਾਜਪਾ ਜੋ ਮਰਜੀ ਕਹਿ ਸਕਦੀ ਹੈ, ਖੇਤੀ ਕ਼ਾਨੂੰਨ ਭਾਜਪਾ ਲੈ ਕੇ ਆਈ ਹੈ ਜਾਂ ਵਿਰੋਧੀ ਪਾਰਟੀਆਂ ਲੈ ਕੇ ਆਈਆਂ ਹਨ। ਨਾਲ ਹੀ ਕੇਂਦਰ ਵਲੋਂ ਕਣਕ ਦੇ ਵਧਾਏ ਸਮਰਥਨ ਮੁੱਲ ਨੂੰ ਲੈਕੇ ਬਾਜਵਾ ਨੇ ਕਿਹਾ ਕਿ ਇਹ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕੇਂਦਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਨੇ ਤਾਂ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਡੇਢ ਗੁਣਾ ਵਧਾਵਾਂਗੇ ਪਰ ਇਹ ਤਾਂ ਸਿਰਫ ਦੋ ਫੀਸਦੀ ਹੀ ਵੱਧੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਨਾ ਛਿੜਕਿਆ ਹੈ।
ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੀ ਮੀਟਿੰਗ ਬਾਰੇ ਬਾਜਵਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਰਾਜਨੀਤਕ ਪਾਰਟੀਆਂ ਰੈਲੀਆਂ ਨਾ ਕਰਨ, ਜਿਸ ਦਾ ਉਹ ਸਮਰਥਨ ਕਰਦੇ ਹਨ ਅਤੇ ਇਸ ਲਈ ਉਹ ਛੋਟੀਆਂ ਮੀਟਿੰਗਾਂ ਰਾਹੀਂ ਲੋਕਾਂ ਨੂੰ ਮਿਲ ਰਹੇ ਹਨ।