*ਸੰਯੁਕਤ ਡਾਇਰੈਕਟਰ ਵੱਲੋਂ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤਾਂ ਦਾ ਦੌਰਾ*

0
104

ਮਾਨਸਾ, 10 ਸਤੰਬਰ(ਸਾਰਾ ਯਹਾਂ/ਹਿਤੇਸ਼ ਸ਼ਰਮਾ) : ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਡਾ.ਬਲਦੇਵ ਸਿੰਘ ਨੌਰਥ ਸੰਯੁਕਤ ਡਾਇਰੈਕਟਰ ਖੇਤੀਬਾੜੀ ਇਨਪੁਟ ਦੁਆਰਾ ਬਲਾਕ ਝੁਨੀਰ ਜਿ਼ਲ੍ਹਾ ਮਾਨਸਾ ਦੇ ਵੱਖ—ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਪਿੰਡ ਭੰਮੇ ਖੁਰਦ ਅਤੇ ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਕਿਸਾਨਾਂ ਨੂੰ ਨਾਲ ਲੈ ਕੇ ਨਰਮੇਂ ਦੇ ਖੇਤਾਂ ਦੀ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਨਰਮੇਂ ਵਿੱਚ ਗੁਲਾਬੀ ਸੁੰਡੀ ਹਮਲਾ ਵੇਖਣ ਨੂੰ ਮਿਲ ਰਿਹਾ ਹੈ,ਪ੍ਰੰਤੂ ਹਮਲੇ ਦੀ ਪ੍ਰਤੀਸਤਤਾ ਅਲੱਗ—ਅਲੱਗ ਖੇਤਾਂ ਵਿੱਚ ਵੱਖੋ—ਵੱਖਰੀ ਹੈ। ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਕਿਸਾਨ ਨੂੰ ਆਪਣੇ ਖੇਤ ਵਿੱਚ ਨਰਮੇਂ ਦਾ ਨਿਰੀਖਣ ਕਰਦੇ ਰਹਿਣਾ ਬੇਹੱਦ ਲਾਜ਼ਮੀ ਹੈ।ਜੇਕਰ ਨਰਮੇਂ ਦੀ ਫਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ 5 ਫੀਸਦੀ ਆਰਥਿਕ ਕਗਾਰ ਦੀ ਹੱਦ ਤੋਂ ਉਪਰ ਪਾਇਆ ਜਾਂਦਾ ਹੈ, ਤਾਂ ਵਿਭਾਗ ਵੱਲੋਂ ਕੀਤੀਆਂ ਗਈਆਂ ਸਿਫਾਰਿਸ਼ ਸ਼ੁਦਾ ਕੀੜੇਮਾਰ ਦਵਾਈਆਂ ਦੀ ਸਪਰੇਅ ਕਰਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਉਣ ਵਾਲੇ ਸਾਉਣੀ ਦੇ ਸੀਜਨ ਵਿੱਚ ਨਰਮੇਂ ਉਪਰ ਸੁੰਡੀ ਦੀ ਰੋਕਥਾਮ ਲਈ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਇਸ ਵਿਚ ਖਾਸ ਤੌਰ *ਤੇ ਇਹ ਦੱਸਿਆ ਗਿਆ ਕੇ ਨਰਮੇਂ ਦੀਆਂ ਛਟੀਆਂ ਜਾਂ ਬਾਲਣ ਨੂੰ ਮਾਰਚ ਮਹੀਨੇ ਤੋਂ ਪਹਿਲਾਂ ਵਰਤ ਲਿਆ ਜਾਵੇ ਕਿਉਂਕਿ ਗੁਲਾਬੀ ਸੁੰਡੀ ਦਾ ਪਤੰਗਾ ਸਬ ਤੋਂ ਪਹਿਲਾਂ ਇਹਨਾਂ ਛਟੀਆਂ ਤੋਂ ਹੀ ਨਿਕਲ ਕੇ ਨਰਮੇਂ ਦੀ ਫਸਲ ਉਪਰ ਅੰਡੇ ਦਿੰਦਾ ਹੈ ਜਿਸ ਤੋਂ ਲਾਰਵੇ ਪੈਦਾ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਅੱਗੇ ਅੱਗੇ ਹਮਲਾ ਵਧਦਾ ਜਾਂਦਾ ਹੈ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਸ਼੍ਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬਲਾਕ ਝੁਨੀਰ ਵਿੱਚ ਤਿੰਨ ਟੀਮਾਂ ਬਣਾਕੇ ਹਰ ਰੋਜ਼ ਕੈਂਪ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਸ਼ਗਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਗੁਰਦਾਸ ਸਿੰਘ ਖੇਤੀਬਾੜੀ ਉਪ ਨਿਰੀਖਕ, ਸ੍ਰੀ ਅਮਰਿੰਦਰ ਸਿੰਘ ਬੀ ਟੀ ਐਮ, ਡਾ. ਕਮਲਪ੍ਰੀਤ ਸਿੰਘ ਏ ਟੀ ਐਮ ਅਤੇ ਸ੍ਰੀ ਹਾਕਮ ਸਿੰਘ ਬੇਲਦਾਰ ਅਤੇ ਪਿੰਡ ਭੰਮੇ ਖੁਰਦ ਅਤੇ ਖਿਆਲੀ ਚਹਿਲਾਂ ਦੇ ਕਿਸਾਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here