ਮਾਨਸਾ, 09 ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ): ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ (ਇੰਨਪੁਟਸ) ਡਾ. ਬਲਦੇਵ ਸਿੰਘ ਨੌਰਥ ਵੱਲੋਂ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਜਾਇਜਾ ਲੈਣ ਲਈ ਜ਼ਿਲ੍ਹਾ ਮਾਨਸਾ ਦੇ ਵੱਖ-ਵੱਖ ਪਿੰਡਾਂ ਦਾ ਵਿਸੇਸ ਤੌਰ ’ਤੇ ਦੌਰਾ ਕੀਤਾ ਗਿਆ, ਤਾਂ ਜੋ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਢੁੱਕਵੇ ਉਪਰਾਲੇ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਕਿਸਾਨ ਬਿੱਕਰ ਸਿੰਘ ਪੁੱਤਰ ਭਰਪੂਰ ਸਿੰਘ, ਪਿੰਡ ਘਰਾਂਗਣਾ ਦੇ ਕਿਸਾਨ ਬਲਦੇਵ ਸਿੰਘ ਪੁੱਤਰ ਹਰਜਿੰਦਰ ਸਿੰਘ, ਪਿੰਡ ਦੂਲੋਵਾਲ, ਬਲਾਕ ਭੀਖੀ ਦੇ ਪਿੰਡ ਭੀਖੀ, ਬਲਾਕ ਝੁਨੀਰ ਦੇ ਪਿੰਡ ਭੰਮੇ ਖੁਰਦ ਆਦਿ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਨਰਮੇ ਦੀ ਫਸਲ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਿਰੀਖਣ ਦੌਰਾਨ ਜਿਆਦਾਤਾਰ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਪਾਇਆ ਗਿਆ, ਪ੍ਰੰਤੂ ਕੁਝ ਖੇਤਾਂ ਵਿੱਚ ਇਹ ਹਮਲਾ 5 ਫੀਸਦੀ ਤੋਂ ਵੱਧ ਵੇਖਿਆ ਗਿਆ, ਜਿਸ ’ਤੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਕੀੜੇਮਾਰ ਦਵਾਈਆਂ ਦੇ ਛਿੜਕਾਅ ਦੀ ਸਲਾਹ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਖੇਤਾਂ ਦੇ ਨਿਰੀਖਣ ਉਪਰੰਤ ਸੰਯੁਕਤ ਡਾਇਰੈਕਟਰ ਵੱਲੋਂ ਬਲਾਕ ਸਰਦੂਲਗੜ੍ਹ ਦੇ ਪਿੰਡ ਚੂਹੜੀਆਂ ਵਿਖੇ ਵਿਭਾਗ ਵੱਲੋਂ ਲਗਾਏ ਜਾ ਰਹੇ ਕਿਸਾਨ ਸਿਖਲਾਈ ਕੈਂਪ ਵਿੱਚ ਸ਼ਿਰਕਤ ਕੀਤੀ ਗਈ। ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਅਪੀਲ ਕਰਦਿਆਂ ਸੰਯੁਕਤ ਡਾਇਰੈਕਟਰ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਤੋਂ ਘਬਰਾਉਣ ਦੀ ਜਰੂਰਤ ਨਹੀ ਹੈ ਅਤੇ ਨਾ ਹੀ ਜਲਦਬਾਜੀ ਵਿੱਚ ਆ ਕੇ ਬੇਲੋੜੀਂਆਂ ਸਪਰੇਆਂ ਕੀਤੀਆਂ ਜਾਣ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਹਰ ਕਿਸਾਨ ਵੱਲੋਂ ਆਪਣੇ ਖੇਤ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ ਅਤੇ ਨਿਰੀਖਣ ਦੌਰਾਨ ਖੇਤ ਵਿੱਚ ਅਲੱਗ-ਅਲੱਗ ਜਗ੍ਹਾ ਤੋਂ 100 ਫੁੱਲਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ 5 ਜਾਂ 5 ਫੁੱਲਾਂ ਤੋਂ ਜ਼ਿਆਦਾ ਫੁੱਲਾਂ ਵਿੱਚ ਗੁਲਾਬੀ ਸੁੰਡੀ ਪਾਈ ਜਾਂਦੀ ਹੈ, ਤਾਂ ਹੀ ਸਪਰੇਅ ਕੀਤਾ ਜਾਵੇ ਜਾਂ ਫਿਰ ਆਪਣੇ ਖੇਤ ਵਿੱਚੋਂ 20 ਹਰੇ ਟੀਂਡੇ ਤੋੜ ਕੇ ਵੇਖਿਆ ਜਾਵੇ ਅਤੇ ਜੇਕਰ 2 ਜਾਂ 3 ਤੋਂ ਜਿਆਦਾ ਸੁੰਡੀਆਂ ਮਿਲਦੀਆਂ ਹਨ, ਤਾਂ ਹੀ ਸਪਰੇਅ ਕੀਤਾ ਜਾਵੇ। ਉਨ੍ਹਾ ਦੱਸਿਆ ਕਿ ਜੇਕਰ ਨਰਮੇ ਦੀ ਫਸਲ 70 ਤੋਂ 120 ਦਿਨਾਂ ਦੀ ਹੈ ਅਤੇ ਫੁੱਲਾਂ ਜਾਂ ਟੀਂਡਿਆਂ ਤੇ ਹਮਲਾ 5 ਫੀਸਦੀ ਤੋਂ ਜਿਆਦਾ ਹੈ ਤਾਂ ਸਿਰਫ ਪੀ.ਏ.ਯੂ ਲੁਧਿਆਣਾ ਵੱਲੋਂ ਸਿਫਾਰਸ ਕੀਤੀਆਂ ਕੀੜੇਮਾਰ ਦਵਾਈਆਂ ਜਿਵੇਂ ਕਿ 500 ਐਮ.ਐਲ ਪ੍ਰੋਫੈਨੋਫਾਸ 50 ਫੀਸਦੀ ਈ.ਸੀ ਜਾਂ 200 ਐਮ.ਐਲ. ਇਡੌਕਸਾਕਾਰਬ 15 ਫੀਸਦੀ ਐਸ.ਸੀ. ਜਾਂ 250 ਗ੍ਰਾਮ ਥਾਇਓਡੀਕਾਰਬ 75 ਫੀਸਦੀ ਡਬਲਯੂ.ਪੀ. ਜਾਂ 40 ਐਮ.ਐਲ. ਫਲੂਬੈਂਡਾਮਾਈਡ 400 ਐਸ.ਸੀ ਜਾਂ 800 ਐਮ.ਐਲ. ਈਥੀਆਨ 50 ਫੀਸਦੀ ਈ.ਸੀ. ਦੀ 120-150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕੀਤੀ ਜਾਵੇ ਅਤੇ ਜੇਕਰ ਫਸਲ 120-150 ਦਿਨਾਂ ਦੀ ਹੈ ਤਾਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ 160 ਐਮ.ਐਲ. ਡੈਲਟਾਮੈਥਰਿਨ 2.8 ਫੀਸਦੀ ਈ.ਸੀ. ਜਾਂ 200 ਐਮ.ਐਲ. ਸਾਈਪਰਮੈਥਰਿਨ 10 ਫੀਸਦੀ ਈ.ਸੀ. ਜਾਂ 100 ਐਮ.ਐਲ. ਫੈਨਵਲਰੇਟ 20 ਫੀਸਦੀ ਈ.ਸੀ. ਜਾਂ 300 ਐਮ.ਐਲ. ਬੀਟਾਸਾਈਫਲੂਥਰੀਨ 0.25 ਐਸ.ਸੀ. ਦੀ 120-150 ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕੀਤੀ ਜਾਵੇ। ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਜੀ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਕਤ ਸਿਫਾਰਸ਼ਾਂ ਅਨੁਸਾਰ ਕੀੜੇਮਾਰ ਦਵਾਈਆਂ ਵਰਤੋਂ ਸਮੇਂ ਕਿਸੇ ਇੱਕ ਟੈਕਨੀਕਲ ਦੀ ਹੀ ਸਪਰੇਅ ਕੀਤੀ ਜਾਵੇ ਅਤੇ ਇਨ੍ਹਾਂ ਸਪਰੇਆਂ ਵਿੱਚ ਹੋਰ ਕਿਸੇ ਵੀ ਤਰ੍ਹਾਂ ਦੀ ਕੀਟਨਾਸਕ ਜਾਂ ਉਲੀਨਾਸ਼ਕ ਜਾਂ ਪੋਟਾਸ਼ੀਅਮ ਨਾਈਟੇ੍ਰਟ (13:0:45) ਨਾ ਮਿਲਾਈ ਜਾਵੇ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਹਿੱਤ ਰੋਜਾਨਾ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਅਤੇ ਜ਼ਿਲ੍ਹਾ ਪੱਧਰੀ ਜਾਂ ਬਲਾਕ ਪੱਧਰੀ ਟੀਮਾਂ ਵੱਲੋਂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਮੇਂ ਸਿਰ ਲੋੜੀਂਦੀ ਸਲਾਹ ਦਿੱਤੀ ਜਾ ਸਕੇ। ਇਸ ਮੌਕੇ ਸ੍ਰੀ ਸੁਰੇਸ ਕੁਮਾਰ ਵਿਸ਼ਾ ਵਸਤੂ ਮਾਹਿਰ ਝੁਨੀਰ, ਸ੍ਰੀ ਮਨੋਜ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਬਲਾਕ ਸਰਦੂਲਗੜ੍ਹ, ਸ਼੍ਰੀ ਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ) ਮਾਨਸਾ, ਸ਼੍ਰੀ ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਝੁਨੀਰ, ਸ੍ਰੀ ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ ਬਲਾਕ ਮਾਨਸਾ, ਸ੍ਰੀ ਨਰਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਭੀਖੀ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।