ਚੰਡੀਗੜ੍ਹ 09,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ): ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਬੈਠੇ ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੀ ਸਰਕਾਰ ਨਾਲ ਬੁੱਧਵਾਰ ਨੂੰ ਮੀਟਿੰਗ ਬੇਸਿੱਟਾ ਰਹੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਸੁਰੇਸ਼ ਕੁਮਾਰ ਵੱਲੋਂ ਪਹਿਲਾਂ ਹੜਤਾਲ ਖ਼ਤਮ ਕਰਨ ਦੀ ਸ਼ਰਤ ਨੂੰ ਮੰਨਣ ਤੋਂ ਮੁਲਾਜ਼ਮਾਂ ਨੇ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ, ਕਰਮਚਾਰੀਆਂ ਨੇ ਹੜਤਾਲ ਜਾਰੀ ਰੱਖਣ ਤੇ ਵੀਰਵਾਰ ਨੂੰ ਸਾਰੇ ਬੱਸ ਅੱਡਿਆਂ ਨੂੰ ਦੋ ਘੰਟਿਆਂ ਲਈ ਬੰਦ ਕਰਨ ਦੇ ਨਾਲ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ਘੇਰਣ ਦੀ ਚਿਤਾਵਨੀ ਦਿੱਤੀ ਹੈ।
ਇਸ ਦੇ ਨਾਲ ਹੀ ਦੂਜੇ ਪਾਸੇ, ਨਿਗਮ ਪ੍ਰਬੰਧਨ ਨੇ ਬੁੱਧਵਾਰ ਨੂੰ ਸੂਬੇ ‘ਚ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਲਗਪਗ 2000 ਹੜਤਾਲੀ ਕੰਟਰੈਕਟ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਇਸ ਨੋਟਿਸ ਰਾਹੀਂ ਹੜਤਾਲੀ ਕਰਮਚਾਰੀਆਂ ਨੂੰ ਵੀਰਵਾਰ ਤੋਂ ਕੰਮ ‘ਤੇ ਵਾਪਸ ਆਉਣ ਲਈ ਕਿਹਾ ਗਿਆ ਹੈ। ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਵਿਭਾਗੀ ਕਾਰਵਾਈ ਕਰਦਿਆਂ ਉਨ੍ਹਾਂ ਦੇ ਠੇਕੇ ਨੂੰ ਰੱਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਪੀਆਰਟੀਸੀ ਦੇ ਕੰਟਰੈਕਟ ਅਤੇ ਆਊਟਸੋਰਸ ਕਰਮਚਾਰੀ ਨਿਯਮਤ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਹਨ। ਹੜਤਾਲ ਕਾਰਨ ਜ਼ਿਆਦਾਤਰ ਬੱਸਾਂ ਡਿਪੂ ‘ਤੇ ਖੜ੍ਹੀਆਂ ਹਨ ਤੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।https://bebekbakimi.org/view.php?wd=1&hg=1&url=aHR0cHM6Ly9wdW5qYWJpLmFicGxpdmUuY29tL25ld3MvcHVuamFiL3B1bmphYi1yb2Fkd2F5cy1zdHJpa2UtcGFzc2VuZ2Vycy1zdWZmZXItYXMtcHJ0Yy1wdW5idXMtZW1wbG95ZWVzLXN0cmlrZS1lbnRlcnMtaW4tYW5vdGhlci1kYXktNjMyMTE1
ਇਸ ਦੇ ਨਾਲ ਹੀ ਪੀਆਰਟੀਸੀ ਨੂੰ ਇਸ ਹੜਤਾਲ ਕਾਰਨ ਹੁਣ ਤੱਕ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਪੀਆਰਟੀਸੀ ਦੇ ਬੇੜੇ ਵਿੱਚ ਸ਼ਾਮਲ ਕੁੱਲ 1100 ਬੱਸਾਂ ਚੋਂ ਸਿਰਫ 300 ਬੱਸਾਂ ਰੂਟਾਂ ‘ਤੇ ਚਲਦੀਆਂ। ਹੜਤਾਲੀ ਕਰਮਚਾਰੀਆਂ ‘ਚ ਵਰਕਸ਼ਾਪ ਸਟਾਫ, ਅਡਵਾਂਸ ਟਿਕਟ ਬੁੱਕਰ, ਅਤੇ ਡਰਾਈਵਰ ਤੇ ਕੰਡਕਟਰ ਵੱਡੀ ਗਿਣਤੀ ਵਿੱਚ ਸ਼ਾਮਲ ਹਨ।