ਚੰਡੀਗੜ/ਸੰਗਰੂਰ, 7 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ)ਸੰਗਰੂਰ ਪੁਲਿਸ ਨੇ ਮਿਲੀ ਸੂਹ ‘ਤੇ ਕਾਰਵਾਈ ਕਰਦੇ ਹੋਏ ਅੱਜ ਸਵੇਰੇ ਸੁਨਾਮ ਇਲਾਕੇ ਵਿੱਚ 15 ਕਿਲੋਮੀਟਰ ਪਿੱਛਾ ਕਰਨ ਤੋਂ ਬਾਅਦ ਖਤਰਨਾਕ ਗੈਂਗਸਟਰ ਜਸਪ੍ਰੀਤ ਬੱਬੀ ਨੂੰ ਚਾਰ ਹਥਿਆਰਾਂ, ਗੋਲੀ ਸਿੱਕਾ ਅਤੇ ਇੱਕ ਚੋਰੀ ਦੀ ਕਾਰ ਸਮੇਤ ਕਾਬੂ ਕੀਤਾ।
ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆਂ, ਜਿਲੇ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਸਵਪਨ ਸ਼ਰਮਾ ਨੇ ਦੱਸਿਆ ਕਿ ਬੱਬੀ, ਸੰਗਰੂਰ ਜੇਲ ਵਿੱਚ ਬੰਦ ਅਜੈਬ ਖਾਨ ਗੈਂਗ ਦੇ ਮੈਂਬਰਾਂ ਦੇ ਸੰਪਰਕ ਵਿੱਚ ਸੀ, ਜਿਸ ਨਾਲ ਮਿਲ ਕੇ ਉਸ ਨੇ ਵਿਰੋਧੀ ਗੈਂਗਸਟਰ ਮਨੀ ਸ਼ੇਰੋਂ ਅਤੇ ਫਤਿਹ ਨਾਗਰੀ ਨੂੰ ਮਾਰਨ ਦੀ ਸਾਜਿਸ਼ ਰਚੀ ਸੀ। ਜਿੱਥੇ ਸ਼ੇਰੋਂ ਖਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਘਿਨਾਉਣੇ ਅਪਰਾਧਕ ਮਾਮਲੇ ਦਰਜ ਹਨ, ਉੱਥੇ ਹੀ ਨਾਗਰੀ ਵਿਰੁੱਧ ਵੀ ਲਗਭਗ 25 ਅਪਰਾਧਿਕ ਕੇਸ ਚੱਲ ਰਹੇ ਹਨ।
ਇਸ ਕਾਰਵਾਈ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਕਿਹਾ ਕਿ ਗੈਂਗਸਟਰ ਦੀ ਮੌਜੂਦਗੀ ਬਾਰੇ ਇੱਕ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਸੀ.ਆਈ.ਏ ਸੰਗਰੂਰ ਦੀ ਇੱਕ ਟੀਮ ਨੇ ਅੱਜ ਸਵੇਰੇ ਸੁਨਾਮ ਇਲਾਕੇ ਵਿੱਚ ਕਰੀਬ 12-15 ਕਿਲੋਮੀਟਰ ਦੇ ਖੇਤਰ ਵਿੱਚ ਦੋਸ਼ੀ ਦਾ ਪਿੱਛਾ ਕੀਤਾ। ਬੱਬੀ ਇੱਕ ਚੋਰੀ ਹੋਈ ਹੁੰਡਈ ਵਰਨਾ ਕਾਰ ਵਿੱਚ ਇਕੱਲਾ ਸਫਰ ਕਰ ਰਿਹਾ ਸੀ । ਹਾਲਾਂਕਿ ਗੈਂਗਸਟਰ ਵਲੋਂ ਸੁਰੂ ਵਿੱਚ ਵਿਰੋਧ ਕੀਤਾ ਗਿਆ ਪਰ ਪੁਲਿਸ ਵਲੋਂ ਉਕਤ ਨੂੰ ਬਿਨਾਂ ਕਿਸੇ ਗੋਲੀਬਾਰੀ ਦੇ ਗਿ੍ਰਫਤਾਰ ਕਰ ਲਿਆ ਗਿਆ।
ਸੰਗਰੂਰ ਦੇ ਸ਼ੇਰੋਂ ਪਿੰਡ ਦਾ ਅੰਡਰ ਗਰੈਜੂਏਟ ਬੱਬੀ (32) ਪਿਛਲੇ 11 ਸਾਲਾਂ ਤੋਂ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਸੀ ਅਤੇ ਸੰਗਰੂਰ, ਬਠਿੰਡਾ ਅਤੇ ਪਟਿਆਲਾ ਦੇ ਵੱਖ-ਵੱਖ ਥਾਣਿਆਂ ਵਿੱਚ ਉਸ ਵਿਰੁੱਧ ਦਰਜ ਹੋਏ ਫਿਰੌਤੀ, ਕਤਲ, ਲੁੱਟ ਅਤੇ ਚੋਰੀ ਦੇ 17 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਐਸਐਸਪੀ ਨੇ ਕਿਹਾ ਕਿ ਬੱਬੀ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਉਹ ਕੁਝ ਦਿਨਾਂ ਲਈ ਪੈਰੋਲ ‘ਤੇ ਆਏ ਖਾਨ ਨੂੰ ਮਿਲਿਆ ਸੀ । ਉਨਾਂ ਕਿਹਾ ਕਿ ਸਾਰੀ ਸਾਜਿਸ਼ ਨੂੰ ਬੇਨਕਾਬ ਕਰਨ ਲਈ ਅਗਲੇਰੀ ਜਾਂਚ ਜੰਗੀ ਪੱਧਰ ’ਤੇ ਜਾਰੀ ਹੈ।