ਮਾਨਸਾ, 07 ਸਤੰਬਰ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਣਾਏ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਮੁਫ਼ਤ ਬਾਇਓਮੈਟ੍ਰਿਕ ਡਿਵਾਇਸਾਂ ਦੀ ਵੰਡ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਪੇਂਡੂ ਗਰੀਬ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜ ਕੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੀ.ਐਸ.ਆਰ.ਐਲ.ਐਸ. ਸਕੀਮ ਅਧੀਨ ਵੱਖ-ਵੱਖ ਪਿੰਡਾਂ ਦੀਆਂ 30 ਬੈਕਿੰਗ ਕਾਰਸਪੋਂਡੈਂਟ (ਬੀ.ਸੀ.) ਨੂੰ ਬਾਇਓਮੈਟ੍ਰਿਕ ਮਸ਼ੀਨਾਂ ਵੰਡੀਆਂ ਗਈਆਂ, ਤਾਂ ਜੋ ਕਾਮਨ ਸਰਵਿਸ ਸੈਂਟਰ ਅਧੀਨ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਪੇਂਡੂ ਖੇਤਰ ਦੇ ਲੋਕਾਂ ਨੂੰ ਦਿੱਤਾ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀ.ਸੀ. ਸਖੀਆਂ ਇਨ੍ਹਾਂ ਮਸ਼ੀਨਾਂ ਨਾਲ ਡਿਜੀਟਲ ਟਰਾਂਜੈਕਸ਼ਨ, ਪਾਸਪੋਰਟ ਅਪਲਾਈ ਕਰਨ, ਆਯੂਸ਼ਮਾਨ ਭਾਰਤ ਕਾਰਡ ਬਣਾਉਣ, ਪੈਨਸ਼ਨ ਅਤੇ ਹੋਰ ਸੇਵਾਵਾਂ ਦਾ ਲਾਭ ਲੋਕਾਂ ਨੂੰ ਦੇਣਗੀਆਂ ਅਤੇ ਇਸ ਬਾਇਓਮੈਟ੍ਰਿਕ ਡਿਵਾਇਸ ਰਾਹੀਂ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਉਣਦੀ ਸਹੂਲਤ ਵੀ ਪਿੰਡ ਦੇ ਵਸਨੀਕਾਂ ਨੂੰ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਇਨ੍ਹਾਂ ਔਰਤਾਂ ਦੀ ਆਜੀਵਿਕਾ ਵਿੱਚ ਵਾਧਾ ਹੋਵੇਗਾ, ਉਥੇ ਲੋਕਾਂ ਨੂੰ ਪਿੰਡ ਪੱਧਰ ’ਤੇ ਸਹੂਲਤ ਮਿਲ ਸਕੇਗੀ।
ਇਸ ਮੌਕੇ ਏ.ਪੀ.ਓ. ਸ਼੍ਰੀ ਮਲਕੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀਮਤੀ ਮਨਦੀਪ ਕੌਰ, ਸ਼੍ਰੀ ਗਿਰੀ ਨੰਦਨ, ਸ਼੍ਰੀ ਸੰਦੀਪ ਤਾਇਲ ਮੌਜੂਦ ਸਨ।