*ਬੇਸਹਾਰਾ ਪਸ਼ੂ ਧੰਨ ਦੀ ਸਮੱਸਿਆ ਨਾਲ ਨਜਿੱਠਣ ਲਈ ਮਾਨਸਾ ਛੇਤੀ ਸ਼ੁਰੂ ਹੋਵੇਗਾ ਪਾਇਲਟ ਪ੍ਰੋਜੈਕਟ*

0
53


* ਸਰਦੂਲਗੜ੍ਹ ਦੇ 5 ਪਿੰਡਾਂ ’ਚ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਬਣਨਗੇ ਪਸ਼ੂ ਸੰਭਾਲ ਸ਼ੈਡ
* ਪਿੰਡਾਂ ਦੀ ਅਣਵਰਤੀ ਯੋਗ ਜ਼ਮੀਨ ਦੀ ਚੋਣ ਪ੍ਰਕਿਰਿਆ ਜਾਰੀ

ਮਾਨਸਾ, 27 ਅਗਸਤ:
ਬੇਸਹਾਰਾ ਪਸ਼ੂ ਧੰਨ ਦੀ ਸਮੱਸਿਆ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਸਰਗਰਮ ਹੈ ਅਤੇ ਹੁਣ ਇਸ ਉਦੇਸ਼ ਦੀ ਪੂਰਤੀ ਹਿੱਤ ਜ਼ਿਲ੍ਹੇ ਦੀ ਇੱਕ ਸਬ ਡਵੀਜ਼ਨ ਅੰਦਰ ਛੇਤੀ ਹੀ ਨਿਵੇਕਲੀ ਯੋਜਨਾ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਅਤੇ ਇਸ ਯੋਜਨਾ ਦੇ ਸਾਰਥਕ ਨਤੀਜੇ ਸਾਹਮਣੇ ਆਉਣ ’ਤੇ ਬਾਕੀ ਸਬ ਡਵੀਜ਼ਨਾਂ ਵਿੱਚ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ ਮਨੀਸ਼ਾ ਰਾਣਾ ਵੱਲੋਂ ਸਰਦੂਲਗੜ੍ਹ ਸਬ ਡਵੀਜ਼ਨ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪਿੰਡ ਪੱਧਰ ’ਤੇ ਪਸ਼ੂ ਸ਼ੈਡ ਤਿਆਰ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ ਜਿਸ ਤਹਿਤ ਪਾਇਲਟ ਪ੍ਰੋਜੈਕਟ ਵਜੋਂ ਪੰਜ ਪਿੰਡਾਂ ਦੀ ਚੋਣ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੇਸਹਾਰਾ ਪਸ਼ੂ ਧੰਨ ਸੜਕੀ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ ਅਤੇ ਕਈ ਵਾਰ ਸੜਕ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ ਜਿਸ ਦੇ ਮੱਦੇਨਜ਼ਰ ਇਨ੍ਹਾਂ ਪਸ਼ੂਆਂ ਦੀ ਸਾਂਭ ਸੰਭਾਲ ਲਈ ਢੁਕਵੀਂਆਂ ਥਾਵਾਂ ਦਾ ਪ੍ਰਬੰਧ ਕਰਨ ਲਈ ਪ੍ਰਸ਼ਾਸਨ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ ਗਊ ਸ਼ੈਡ ਬਣਨ ਨਾਲ ਉਸੇ ਪਿੰਡ ਜਾਂ ਨੇੜਲੇ ਹੋਰ ਪਿੰਡਾਂ ਦੇ ਬੇਸਹਾਰਾ ਪਸ਼ੂਆਂ ਦੀ ਸਹੀ ਸਾਂਭ ਸੰਭਾਲ ਹੋ ਸਕੇਗੀ ਅਤੇ ਇਨ੍ਹਾਂ ਪਸ਼ੂਆਂ ਦੁਆਰਾ ਜਾਨ ਮਾਲ ਦੇ ਕੀਤੇ ਜਾਂਦੇ ਨੁਕਸਾਨ ਤੋਂ ਵੀ ਬਚਾਅ ਹੋ ਸਕੇਗਾ।
ਇਸ ਦੌਰਾਨ ਐਸ.ਡੀ.ਐਮ ਮਨੀਸ਼ਾ ਰਾਣਾ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ ਵਜੋਂ ਸਬ ਡਵੀਜ਼ਨ ਵਿੱਚ ਬੀ.ਡੀ.ਪੀ.ਓ ਰਾਹੀਂ 5 ਅਜਿਹੇ ਪਿੰਡਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਕੋਲ ਅਣਵਰਤੀ ਜ਼ਮੀਨ ਪਈ ਹੋਵੇ ਅਤੇ ਉਥੇ ਪਸ਼ੂ ਧੰਨ ਦੀ ਲੋੜ ਮੁਤਾਬਕ ਹਰੇ ਚਾਰੇ, ਤੂੜੀ ਆਦਿ ਦਾ ਢੁਕਵਾਂ ਪ੍ਰਬੰਧ ਕੀਤਾ ਜਾ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਸਬੰਧਤ ਪਿੰਡ ਦੀ ਗ੍ਰਾਮ ਪੰਚਾਇਤ ਨਾਲ ਤਾਲਮੇਲ ਕਰਕੇ ਸ਼ੈਡਾਂ ਦੀ ਉਸਾਰੀ ਕਰਵਾਈ ਜਾਵੇਗੀ ਅਤੇ ਫਿਰ ਉਥੇ ਸਾਂਭ ਸੰਭਾਲ ਲਈ ਰੱਖੇ ਜਾਣ ਵਾਲੇ ਪਸ਼ੂਆਂ ਦੇ ਪੀਣ ਲਈ ਸਾਫ਼ ਪਾਣੀ ਸਮੇਤ ਹੋਰ ਸੁਵਿਧਾਵਾਂ ਦਾ ਪ੍ਰਬੰਧ ਪਿੰਡ ਪੱਧਰ ’ਤੇ ਹੀ ਕਰਨ ਸਬੰਧੀ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਇਸ ਦੇ ਲਾਗੂ ਹੋਣ ਨਾਲ ਨੇੜ ਭਵਿੱਖ ਵਿੱਚ ਲਾਵਾਰਿਸ ਪਸ਼ੂ ਧੰਨ ਦੀ ਬਿਹਤਰ ਸੰਭਾਲ ਵੀ ਯਕੀਨੀ ਬਣੇਗੀ ਅਤੇ ਇਨ੍ਹਾਂ ਨਾਲ ਪੈਦਾ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ।
       ਇਸ ਮੌਕੇ ਉਪ ਮੰਡਲ ਮੈਜਿਸਟਰੇਟ ਸ੍ਰੀਮਤੀ ਸ਼ਿਖਾ ਭਗਤ, ਉਪ ਮੰਡਲ ਮੈਜਿਸਟਰੇਟ ਬੁਢਲਾਡਾ ਸ਼੍ਰੀ ਕਾਲਾ ਰਾਮ ਕਾਂਸਲ, ਸਹਾਇਕ ਕਮਿਸ਼ਨਰ ਸ੍ਰੀ ਹਰਜਿੰਦਰ ਸਿੰਘ ਜੱਸਲ ਮੌਜੂਦ ਸਨ।

LEAVE A REPLY

Please enter your comment!
Please enter your name here