ਚੰਡੀਗੜ੍ਹ (ਸਾਰਾ ਯਹਾਂ ਬਿਊਰੋ ਰਿਪੋਰਟ): ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿੱਚ ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਪਾਰਟੀ ਵਿੱਚ ਚੱਲ ਰਹੀ ਖਿੱਚੋਤਾਣ ਦੇ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੈਬਨਿਟ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਨਵਜੋਤ ਸਿੱਧੂ ਧੜੇ ਦੇ ਮੰਤਰੀ ਵੀ ਮੌਜੂਦ ਰਹਿਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਾਗੀ ਮੰਤਰੀਆਂ ਬਾਰੇ ਮੀਟਿੰਗ ਵਿੱਚ ਕੀ ਰਵੱਈਆ ਹੋਵੇਗਾ, ਇਸ ‘ਤੇ ਸਭ ਦੀਆਂ ਨਜ਼ਰਾਂ ਹਨ।
ਕੈਪਟਨ ਨੂੰ ਮਿਲੀ ਹਾਈ ਕਮਾਂਡ ਤੋਂ ਹਰੀ ਝੰਡੀ
ਪੰਜਾਬ ਕਾਂਗਰਸ ਵਿੱਚ ਚੱਲ ਰਹੇ ਮਤਭੇਦ ਦੇ ਵਿਚਕਾਰ ਅੱਜ ਦੁਪਹਿਰ 3.30 ਵਜੇ ਕੈਬਨਿਟ ਦੀ ਇਹ ਮੀਟਿੰਗ ਬੁਲਾਈ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਣ ਵਾਲੀ ਇਸ ਮੀਟਿੰਗ ਵਿੱਚ ਕੈਪਟਨ ਤੇ ਸਿੱਧੂ ਧੜਿਆਂ ਦੇ ਮੰਤਰੀ ਸ਼ਾਮਲ ਹੋਣ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਇਸ ਦਾ ਹੰਗਾਮੇਦਾਰ ਹੋਣਾ ਲਾਜ਼ਮੀ ਹੈ।
ਦੱਸਿਆ ਗਿਆ ਹੈ ਕਿ ਮੀਟਿੰਗ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਧੜੇ ਦੇ ਬਾਗੀ ਲੀਡਰਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਹੋ ਸਕਦਾ ਹੈ ਕਿ ਅਮਰਿੰਦਰ-ਸਿੱਧੂ ਵਿਚਾਲੇ ਸੁਲ੍ਹਾ ਹੋ ਜਾਵੇ।
ਮੀਟਿੰਗ ਵਿੱਚ ਕੀ ਹੋਵੇਗਾ, ਇਹ ਤਾਂ ਮੀਟਿੰਗ ਤੋਂ ਬਾਅਦ ਹੀ ਸਾਹਮਣੇ ਆਵੇਗਾ, ਪਰ ਕਾਂਗਰਸੀ ਵਿਧਾਇਕ ਰਾਜਕੁਮਾਰ ਵਾਰਕਾ ਨੇ ਬਾਗ਼ੀਆਂ ਬਾਰੇ ਜੋ ਕਿਹਾ, ਉਹ ਕੁਝ ਹੋਰ ਹੀ ਦੱਸ ਰਿਹਾ ਹੈ। ਕਾਂਗਰਸੀ ਵਿਧਾਇਕ ਰਾਜਕੁਮਾਰ ਵਰਕਾ ਨੇ ਆਪਣੇ ਬਿਆਨ ਵਿੱਚ ਜੋ ਕਿਹਾ, ਉਸ ਤੋਂ ਲੱਗਦਾ ਹੈ ਕਿ ਕੈਬਨਿਟ ਮੀਟਿੰਗ ਵਿੱਚ ਹੀ ਬਾਗੀ ਵਿਧਾਇਕਾਂ ਵਿਰੁੱਧ ਕਾਰਵਾਈ ਹੋਣ ਜਾ ਰਹੀ ਹੈ, ਖੈਰ ਇਸ ਦਾ ਜਵਾਬ ਮੀਟਿੰਗ ਤੋਂ ਬਾਅਦ ਹੀ ਮਿਲੇਗਾ।
ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਸਿੱਧੂ ਤੇ ਕੈਪਟਨ ਧੜੇ ਦੇ ਵਿਧਾਇਕ ਇੱਕ ਛੱਤ ਹੇਠ ਹੋਣਗੇ। ਇਹ ਵੇਖਣਾ ਹੋਵੇਗਾ ਕਿ ਇਸ ਮੀਟਿੰਗ ਵਿੱਚ ਕੋਈ ਸੁਲ੍ਹਾ ਹੁੰਦੀ ਹੈ ਜਾਂ ਕੋਈ ਨਵਾਂ ਹੰਗਾਮਾ ਖੜ੍ਹਾ ਹੋਣ ਵਾਲਾ ਹੈ।
ਬਾਗੀਆਂ ਨੂੰ ਝਟਕਾ!
ਇਸ ਦੇ ਨਾਲ ਹੀ ਨਾਰਾਜ਼ ਕਾਂਗਰਸੀ ਵਿਧਾਇਕ ਕੱਲ੍ਹ ਦੇਹਰਾਦੂਨ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਗਏ। ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਵੀ ਕੈਪਟਨ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈ। ਹਰੀਸ਼ ਰਾਵਤ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ। ਉਨ੍ਹਾਂ ਦਾ ਇਹ ਬਿਆਨ ਨਵਜੋਤ ਸਿੰਘ ਸਿੱਧੂ ਖੇਮੇ ਦੇ ਉਨ੍ਹਾਂ ਮੰਤਰੀਆਂ ਲਈ ਧੱਕਾ ਹੈ ਜੋ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ।