ਬੁਢਲਾਡਾ 25 ਅਗਸਤ(ਅਮਨ ਮੇਹਤਾ): ਆਪਣੀ ਹੱਕੀ ਮੰਗਾਂ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਪੰਜਾਬ ਰੋਡਵੇਜ਼,ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵੱਲੋ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸੂਬਾ ਆਗੂ ਰਮਨਦੀਪ ਸਿੰਘ, ਡਿਪੂ ਪ੍ਰਧਾਨ ਗੁਰਸੇਵਕ ਸਿੰਘ, ਡਿਪੂ ਸੈਕਟਰੀ ਜਸਵਿੰਦਰ ਸਿੰਘ, ਕੈਸ਼ੀਅਰ ਕਾਬਲ ਜੀਤਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਟਰਾਂਸਪੋਰਟ ਮੁਆਫੀਆਂ ਖਤਮ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਅਤੇ ਨਜਾਇਜ਼ ਚੱਲਦੀਆਂ ਵੱਡੇ ਵੱਡੇ ਸਿੰਗਾ ਵਾਲੀਆ ਬੱਸਾਂ ਨੂੰ ਖੂੰਜੇ ਲਾਉਣ ਵਰਗੀਆ ਗੱਲ ਕੇਵਲ ਚੋਣਾਂਵੀ ਜੁਮਲੇ ਬਣ ਕੇ ਰਹਿ ਗਈਆਂ ਹਨ।ਉਹਨਾ ਕਿਹਾ ਕਿ ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਵਲੋਂ ਕੁੱਝ ਨਾ ਕਰਨਾ ਇਹ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਮਿਲੀਭੁਗਤ ਸਾਬਿਤ ਕਰਦਾ ਹੈ। ਦੂਸਰੇ ਪਾਸੇ ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਨਾਲ ਨਾਲ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਅਦਾਰੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਨਾਂ ਕਰਨਾਂ ਸਟਾਫ ਦੀ ਘਾਟ ਕਾਰਨ ਬੱਸਾਂ ਦਾ ਖੜਨਾ ਕੰਡਕਟਰ ਡਰਾਈਵਰ ਵਰਕਸ਼ਾਪ ਦੀ ਘਾਟ ਹੋਣ ਦੇ ਬਾਵਜੂਦ ਗਲਤ ਤਰੀਕੇ ਨਾਲ ਕੁਰੱਪਸ਼ਨ ਰਾਹੀਂ ਪ੍ਰਮੋਸ਼ਨਾਂ ਕਰਨਾ ਅਤੇ ਸਰਕਾਰੀ ਬੱਸਾਂ ਦੀ ਗਿਣਤੀ 10 ਹਜ਼ਾਰ ਦੀ ਬਿਜਾਏ 100-200 ਰਹਿ ਜਾਣਾ ਉੱਪਰੋਂ ਪਨਬੱਸ ਅਤੇ ਪੀ ਆਰ ਟੀਂ ਸੀ ਦੀਆਂ ਬੱਸਾਂ ਜ਼ੋ ਆਪਣੀ ਮਿਹਨਤ ਨਾਲ ਮੁਲਾਜ਼ਮ ਚਲਾਉਂਦੇ ਹਨ ਉਹਨਾਂ ਬੱਸਾਂ ਤੇ ਸਾਰੀਆਂ ਫ੍ਰੀ ਸਫ਼ਰ ਸਹੂਲਤਾਂ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਵਲੋਂ ਸਰਕਾਰੀ ਖਜ਼ਾਨੇ ਵਿਚੋਂ ਕੋਈ ਸਹੂਲਤ ਦੇਣ ਦੀ ਬਿਜਾਏ ਵਿੱਤੀ ਬੋਝ ਕੱਚੇ ਮੁਲਾਜ਼ਮਾਂ ਤੇ ਪਾਉਣਾ ਸਰਕਾਰ ਦੀ ਨੀਅਤ ਸਰਕਾਰੀ ਟਰਾਂਸਪੋਰਟ ਖਤਮ ਕਰਨ ਦੀ ਤਿਆਰੀ ਵਿੱਚ ਹੈ। ਜਿਸ ਕਰਕੇ ਸਰਕਾਰੀ ਵਿਭਾਗ ਬਚਾਉਣ ਅਤੇ ਰੋਜ਼ਗਾਰ ਪੱਕਾ ਕਰਨ ਲਈ ਯੂਨੀਅਨ ਵੱਲੋਂ ਪਿਛਲੇ ਦਿਨੀਂ ਹੜਤਾਲਾਂ ਧਰਨੇ ਮੁਜ਼ਾਹਰੇ ਕੀਤੇ ਗਏ ਸਨ। ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਯੂਨੀਅਨ ਨਾਲ ਮੀਟਿੰਗਾਂ ਕਰਕੇ ਸਾਰੇ ਆਊਟ ਸੋਰਸਿੰਗ ਅਤੇ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਕੱਚੇ ਮੁਲਾਜ਼ਮ ਪੱਕੇ ਕਰਕੇ ਸਰਕਾਰੀ ਬੱਸਾਂ ਪੂਰੀਆ ਕੀਤੀਆਂ ਜਾਣਗੀਆਂ ਪਰ ਸਰਕਾਰ ਵਲੋਂ ਕੈਬਨਿਟ ਮੀਟਿੰਗ ਵਿੱਚ ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਜ਼ਿਕਰ ਕੀਤਾ ਗਿਆ ਅਤੇ ਨਾ ਹੀ ਸਰਕਾਰੀ ਬੱਸਾਂ ਪੂਰੀਆ ਕੀਤੀਆਂ ਗਈਆਂ ਸਰਕਾਰ 10 ਸਾਲ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਡਰਾਮੇ ਕਰਕੇ ਆਪਣਾ ਪੱਲਾ ਝਾੜ ਰਹੀ ਹੈ ਜ਼ੋ ਯੂਨੀਅਨ ਨੂੰ ਬਿਲਕੁਲ ਮਨਜ਼ੂਰ ਨਹੀਂ ਹੈ । ਉਹਨਾ ਕਿਹ ਕਿ ਜੇਕਰ ਸਰਕਾਰ 26 ਅਗਸਤ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮ ਪੱਕੇ ਕਰਨ ਸੰਬੰਧੀ ਕੋਈ ਫੈਸਲਾ ਨਾ ਲਿਆ ਗਿਆ ਤਾਂ 6 ਸਤੰਬਰ ਤੋਂ ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮ ਅਣਮਿੱਥੇ ਸਮੇਂ ਦੀ ਹੜਤਾਲ ਤੇ ਬੈਠਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਸਨ।