*ਕੈਪਟਨ ਹੀ ਰਹਿਣਗੇ ਪੰਜਾਬ ਦੇ ਕਪਤਾਨ! ਹਰੀਸ਼ ਰਾਵਤ ਵੱਲੋਂ ਬਾਗੀ ਧੜੇ ਨੂੰ ਵੱਡਾ ਝਟਕਾ*

0
56

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਬਾਗੀ ਧੜੇ ਨੂੰ ਵੱਡਾ ਝਟਕਾ ਦਿੱਤਾ ਹੈ। ਬਾਗੀ ਕੈਂਪ ਦੇ ਨੇਤਾਵਾਂ ਨਾਲ ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਲੀਡਰਸ਼ਿਪ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

ਉਨ੍ਹਾਂ ਐਲਾਨ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਰਹਿਣਗੇ ਤੇ ਕਾਂਗਰਸ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵੀ ਕੈਪਟਨ ਦੀ ਅਗਵਾਈ ਵਿੱਚ ਲੜੇਗੀ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਝਟਕੇ ਮਗਰੋਂ ਬਾਗੀ ਧੜੇ ਦੀ ਗੱਲ ਦਾ ਦਿੱਲੀ ਹਾਈਕਮਾਨ ਕੋਲ ਵੀ ਕੋਈ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ।

ਦੱਸ ਦਈਏ ਕਿ ਪੰਜਾਬ ਕਾਂਗਰਸ ਦੀ ਖਿੱਚੋਤਾਣ ਹੁਣ ਦਿੱਲੀ ਤੇ ਦੇਹਰਾਦੂਨ ਤੱਕ ਪਹੁੰਚ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਕਰਨ ਵਾਲੇ ਧੜੇ ਦੇ ਚਾਰ ਮੰਤਰੀ ਤੇ ਤਿੰਨ ਵਿਧਾਇਕ ਅੱਜ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਲਈ ਦੇਹਰਾਦੂਨ ਪਹੁੰਚੇ।  ਦੂਜੇ ਪਾਸੇ ਕੈਪਟਨ ਅਮਰਿੰਦਰ ਦਾ ਧੜਾ ਵੀ ਸਰਗਰਮ ਹੋ ਗਿਆ ਹੈ। ਅਮਰਿੰਦਰ ਧੜੇ ਦੇ ਆਗੂ ਵੀ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਪਟਨ ਸਮਰਥਕਾਂ ਨੇ ਹਰੀਸ਼ ਰਾਵਤ ਨਾਲ ਵੀ ਸੰਪਰਕ ਕੀਤਾ ਹੈ।

ਮੰਗਲਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਖੁੱਲ੍ਹੀ ਬਗਾਵਤ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਖਿੱਚੋਤਾਣ ਸਿਖਰ ‘ਤੇ ਪਹੁੰਚ ਗਈ। ਦੋਹਾਂ ਧੜਿਆਂ ਦਰਮਿਆਨ ਲੜਾਈ ਤੇਜ਼ ਹੋਣ ਦੇ ਨਾਲ, ਉਨ੍ਹਾਂ ਦੀ ਹਾਈ ਕਮਾਂਡ ਵੱਲ ਦੌੜ ਸ਼ੁਰੂ ਹੋ ਗਈ ਹੈ। ਬਾਗੀ ਧੜੇ ਦੇ ਆਗੂਆਂ ਨੇ ਬੀਤੀ ਸ਼ਾਮ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਐਲਾਨ ਕੀਤਾ ਸੀ ਕਿ ਸੱਤ ਮੈਂਬਰੀ ਪਾਰਟੀ ਪਾਰਟੀ ਹਾਈ ਕਮਾਂਡ ਨੂੰ ਮਿਲੇਗੀ ਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਏਗੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕਰੇਗੀ।

ਇਸ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਇਹ ਵਫਦ ਬੁੱਧਵਾਰ ਸਵੇਰੇ ਦੇਹਰਾਦੂਨ ਪਹੁੰਚਿਆ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਿਆ। ਇਸ ਟੀਮ ਵਿੱਚ ਬਾਜਵਾ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਚਰਨਜੀਤ ਸਿੰਘ ਚੰਨੀ ਤੇ ਤਿੰਨ ਵਿਧਾਇਕ ਸ਼ਾਮਲ ਹਨ।

LEAVE A REPLY

Please enter your comment!
Please enter your name here