ਮਾਨਸਾ 20, ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰਪਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਹੈਲਥ ਸੁਸਾਇਟੀ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਸਹਾਇਕ ਕਮਿਸ਼ਨਰ ਸ੍ਰੀ ਉਪਕਾਰ ਸਿੰਘ ਅਤੇ ਸਿਵਲ ਸਰਜਨ ਮਾਨਸਾ ਡਾ. ਹਿਤਿੰਦਰ ਕੌਰ ਸ਼ਾਮਿਲ ਹੋਏ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਸਿਹਤ ਪ੍ਰੋਗਰਾਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਸਰਕਾਰ ਵੱਲੋਂ ਮਿੱਥੇ ਟੀਚਿਆਂ ਨੂੰ ਸਮੇਂ ਸਿਰ ਪੂਰੇ ਕਰਨ ਦੀ ਹਦਾਇਤ ਕੀਤੀ। ਕੋਵਿਡ-19 ਦੀ ਤੀਜੀ ਲਹਿਰ ਦੇ ਮੱਦੇਨਜ਼ਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਖੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀ ਵੈਕਸੀਨੇਸ਼ਨ ਅਤੇ ਬੱਚਿਆਂ ਦੀ ਸੈਂਪਲਿੰਗ ਤੇ ਵਿਸ਼ੇਸ ਤੋਰ ‘ਤੇ ਜ਼ੋਰ ਦੇਣ ਦੇ ਨਾਲ ਨਾਲ ਗਰਭਵਤੀ ਮਾਵਾਂ ਅਤੇ ਦੁੱਧ ਚੁਘਾਉਂਦੀਆਂ ਮਾਵਾਂ ਦੀ ਪਹਿਲ ਦੇ ਅਧਾਰ ਤੇ ਵੈਕਸੀਨੇਸ਼ਨ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਨਾਲ ਹੀ ਇਹ ਵੀ ਹਦਾਇਤ ਕੀਤੀ ਕਿ ਹੋਟਲ,ਮੈਰਿਜ ਪੈਲੇਸ, ਢਾਬੇ ਅਤੇ ਹਰ ਤਰ੍ਹਾਂ ਦੇ ਇੰਸਟੀਚਿਊਟਸ ‘ਤੇ ਕੰਮ ਕਰਦੇ ਸਟਾਫ ਦੀ ਵੈਕਸੀਨੇਸ਼ਨ ਦੇ ਨਾਲ ਨਾਲ ਸਮੇਂ ਸਮੇਂ ਤੇ ਲੋੜ ਪੈਣ ਤੇ ਸੈਂਪਲਿੰਗ ਵੱਲ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ।ਜ਼ਿਲ੍ਹੇ ਵਿਚ ਕੋਈ ਵੀ ਹੋਮ ਡਿਲਿਵਰੀ ਨਾ ਹੋਣ ਦਿੱਤੀ ਜਾਵੇ। ਬਰਸਾਤੀ ਮੌਸਮ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਹਰ ਸ਼ੁੱਕਰਵਾਰ ਨੂੰ ਦਫ਼ਤਰਾਂ ਅਤੇ ਘਰਾਂ ਵਿੱਚ ਡਰਾਈ ਡੇਅ ਦੇ ਤੌਰ ‘ਤੇ ਮਨਾਇਆ ਜਾਵੇ।ਕਿਸੇ ਵੀ ਜਗ੍ਹਾ ‘ਤੇ ਸਾਫ ਜਾ ਗੰਦਾ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤਾਂ ਜੋ ਲਾਰਵਾ ਅਤੇ ਮੱਛਰ ਪੈਦਾ ਨਾ ਹੋ ਸਕੇ। ਮਿਉਂਸਪਲ ਕਮੇਟੀਆਂ ਨੂੰ ਹਦਾਇਤ ਕੀਤੀ ਗਈ ਕਿ ਸਮੇਂ ਸਿਰ ਫੋਗਿੰਗ ਕਰਵਾਈ ਜਾਵੇ ਅਤੇ ਸਿਹਤ ਵਿਭਾਗ ਨੂੰ ਫੋਗਿੰਗ ਦਾ ਸ਼ਡਿਊਲ ਭੇਜਿਆ ਜਾਵੇ।ਸਿਹਤ ਵਿਭਾਗ ਦੀ ਟੀਮਾਂ ਵਲੋਂ ਲੱਭੇ ਗਏ ਲਾਰਵੇ ਦੇ ਘਰਾਂ ਅਤੇ ਦੁਕਾਨਾਂ ਦਾ ਚਲਾਨ ਸਮੇਂ ਸਿਰ ਕੱਟਣਾ ਯਕੀਨੀ ਬਣਾਇਆ ਜਾਵੇ। ਬਰਸਾਤੀ ਮੌਸਮ ਨੂੰ ਦੇਖਦੇ ਹੋਏ ਤਾਜ਼ੇ ਫਲ ਅਤੇ ਸਬਜ਼ੀਆਂ ਦੀ ਵਰਤੋਂ ਕਰਨ ਦੇ ਨਾਲ ਨਾਲ ਪਾਣੀ ਨੂੰ ਉਬਾਲ ਕੇ ਜਾਂ ਫਿਲਟਰ ਕਰਕੇ ਪੀਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਦੂਸ਼ਿਤ ਪਾਣੀ ਤੋਂ ਹੋਣ ਵਾਲੀ ਬਿਮਾਰੀਆਂ ਜਿਵੇ ਹੈਜ਼ਾ,ਟਾਈਫਾਈਡ, ਪੀਲੀਆ ਆਦਿ ਤੋਂ ਬਚਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਪ੍ਰਦੀਪ ਸਿੰਘ ਗਿੱਲ,ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ਼੍ਰੀ ਸੰਜੀਵ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਜਗਰੂਪ ਭਾਰਤੀ, ਡਾ. ਰੂਬੀ ਡਿਪਟੀ ਮੈਡੀਕਲ ਕਮਿਸ਼ਨਰ, ਡਾ.ਬਲਜੀਤ ਕੌਰ ਕਾਰਜਕਾਰੀ ਸਹਾਇਕ ਸਿਵਲ ਸਰਜਨ, ਡਾ. ਵਿਜੇ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ.ਸੰਜੀਵ ਓਬਰਾਏ, ਜ਼ਿਲ੍ਹਾ ਟੀਕਾਕਰਨ ਅਫਸਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਹਾਜ਼ਰ ਸਨ।