ਹੁਸ਼ਿਆਰਪੁਰ 15 ਅਗਸਤ (ਸਾਰਾ ਯਹਾਂ): ਅੱਜ ਸਵੇਰੇ ਬਲਾਕ ਮਾਹਿਲਪੁਰ ਦੇ ਪਿੰਡ ਮੋਤੀਆਂ ਵਿੱਚ ਉਸ ਸਮੇਂ ਖਲਬਲੀ ਮਚ ਗਈ ਜਦੋਂ ਮੋਤੀਆਂ ਦੇ ਬਾਹਰਵਾਰ ਬਾੜੀਆਂ ਕਲਾਂ ਕੋਲ ਦੋ ਦਰਜਨ ਦੇ ਕਰੀਬ ਗੁਬਾਰਿਆਂ ਨਾਲ ਬੰਨ੍ਹਿਆ ਹੋਇਆ ਪਾਕਿਸਤਾਨੀ ਝੰਡਾ ਮਿਲਿਆ। ਇਸ ਝੰਡੇ ‘ਤੇ ਪਾਕਿਸਤਾਨੀ ਫੋਨ ਨੰਬਰ ਤੇ ਲਾਹੌਰ ਲਿਖਿਆ ਹੋਇਆ ਸੀ। ਲੋਕਾਂ ਨੇ ਤੁਰੰਤ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਝੰਡਾ ਤੇ ਗੁਬਾਰੇ ਕਬਜ਼ੇ ਵਿੱਚ ਲੈ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਮੌਕੇ ’ਤੇ ਪੁੱਜੇ ਉਪ ਪੁਲਿਸ ਕਪਤਾਨ ਡੀਐਸਪੀ ਲਖਬੀਰ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਗੁਬਾਰੇ ਨੰਬਰਦਾਰ ਕਰਤਾਰ ਸਿੰਘ ਦੇ ਖੇਤਾਂ ਨੇੜਿਓਂ ਬਰਾਮਦ ਹੋਏ ਸਨ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਗੁਬਾਰੇ ਪਾਕਿਸਤਾਨ ਤੋਂ ਆਏ ਹਨ।
ਦੱਸ ਦਈਏ ਕਿ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨੀ ਗੁਬਾਰੇ ਮਿਲਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਅੱਜ ਜ਼ਿਲ੍ਹਾ ਰੂਪਨਗਰ ਦੇ ਪਿੰਡ ਸੰਦੋਆ ਵਿੱਚ ਵੀ ਇੱਕ ਖੇਤ ਵਿੱਚ ਲੋਕਾਂ ਨੇ ਸਵੇਰੇ ਤੜਕਸਾਰ ਪਾਕਿਸਤਾਨ ਦੇ ਝੰਡੇ ਤੇ ਗੁਬਾਰੇ ਵੇਖੇ। ਇਨ੍ਹਾਂ ਉੱਪਰ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਸੀ।
ਲੋਕਾਂ ਨੇ ਸਥਾਨਕ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਮੌਕੇ ਤੇ ਪਹੁੰਚ ਕੇ ਇਨ੍ਹਾਂ ਗੁਬਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 75ਵੇਂ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ 75 ਸਾਲ ਕਿਸੇ ਦੀ ਵੀ ਜਿੰਦਗੀ ‘ਚ ਅਹਿਮ ਸਥਾਨ ਰੱਖਦੇ ਹਨ। ਹਜ਼ਾਰਾਂ ਲੋਕਾਂ ਦੀ ਸ਼ਹਾਦਤ ਤੋਂ ਬਾਅਦ ਆਜ਼ਾਦੀ ਮਿਲੀ।
ਮੁੱਖ ਮੰਤਰੀ ਨੇ ਕਿਹਾ ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਨੇ ਦਿੱਤੀਆਂ ਪਰ ਦੁੱਖ ਦੀ ਗੱਲ ਹੈ ਕਿ ਸੈਲੂਲਰ ਜੇਲ੍ਹ ਅੰਡੇਮਾਨ ਦੇ ਸ਼ਹੀਦਾਂ ਨੂੰ ਕੋਈ ਯਾਦ ਨਹੀਂ ਕਰਦਾ ਪਰ ਪੰਜਾਬ ਸਰਕਾਰ ਉਨ੍ਹਾਂ ਸ਼ਹੀਦਾਂ ਨੂੰ ਯਾਦ ਰੱਖਣ ਲਈ ਯਾਦਗਾਰ ਬਣਾਏਗੀ ਤਾਂ ਕਿ ਅਸੀਂ ਸਾਰੇ ਸ਼ਹੀਦਾਂ ਨੂੰ ਯਾਦ ਰੱਖ ਸਕੀਏ।