ਬੁਢਲਾਡਾ 13 ਅਗਸਤ (ਸਾਰਾ ਯਹਾਂ/ਅਮਨ ਮਹਿਤਾ): ਫ਼ਿਰੋਜ਼ਪੁਰ ਤੋਂ ਦਿੱਲੀ ਰੇਲਵੇ ਲਾਈਨ ਤੇ ਪੰਜਾਬ ਹਰਿਅਾਣਾ ਨੂੰ ਆਪਸ ਵਿਚ ਜੋੜਨ ਵਾਲੀਆਂ ਜ਼ਿਆਦਾਤਰ ਰੇਲ ਗੱਡੀਆਂ ਪਿਛਲੇ ਲੰਬੇ ਸਮੇਂ ਤੋਂ ਬੰਦ ਹੋਣ ਕਰਕੇ ਮੁਸਾਫ਼ਰਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਮਹਾਂਮਾਰੀ ਕਰਕੇ ਜਿੱਥੇ ਐਕਸਪ੍ਰੈਸ ਗੱਡੀਆਂ ਬੰਦ ਹੋਣ ਕਰਕੇ ਮੁਸਾਫਿਰਾਂ ਨੂੰ ਦੂਰ ਦੁਰਾਡੇ ਜਾਣ ਲਈ ਮੁਸ਼ਕਿਲਾਂ ਆ ਰਹੀਆ ਹਨ। ਉਸੇ ਤਰ੍ਹਾਂ ਪੈਸੰਜਰ ਰੇਲ ਗੱਡੀਆਂ ਵੀ ਬੰਦ ਹੋਣ ਕਰਕੇ ਲੋਕਾ ਨੂੰ ਵੱਧ ਕਿਰਾਇਆ ਭਰ ਕੇ ਜੇਬ ਖਾਲੀ ਕਰਨੀ ਪੈ ਰਹੀ ਹੈ। ਕਿਉਂਕਿ ਰੇਲ ਵਿਭਾਗ ਵੱਲੋਂ 2-3 ਸਿਰਫ਼ ਐਕਸਪ੍ਰੈਸ ਗੱਡੀਆਂ ਹੀ ਚਲਾਈਆਂ ਗਈਆਂ ਹਨ ਜਿਨ੍ਹਾਂ ਦਾ ਕਿਰਾਇਆ ਬਹੁਤ ਜ਼ਿਆਦਾ ਹੈ। ਇਸ ਸਬੰਧੀ ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੁਢਲਾਡਾ ਤੋਂ ਬਠਿੰਡਾ ਜਾਣ ਲਈ ਸਵੇਰੇ 6 ਵਜੇ ਅਤੇ ਦੁਪਹਿਰ ਲਗਭਗ 2 ਵਜੇ ਵਾਲੀਆਂ ਪੈਸੰਜਰ ਗੱਡੀਆਂ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਹਨ। ਇਸੇ ਤਰ੍ਹਾਂ 4 ਵਜੇ ਦਿੱਲੀ ਵੱਲ ਨੂੰ ਜਾਣ ਵਾਲੀ ਪੈਸੰਜਰ ਟਰੇਨ ਦਾ ਵੀ ਟਾਈਮ ਬੰਦ ਹੋਇਆ ਪਿਆ ਹੈ। ਸਵੇਰ 8:30 ਤੇ ਫਿਰੋਜ਼ਪੁਰ ਤੋਂ ਇਥੇ ਪੌਹਚਨ ਵਾਲੀ ਜਨਤਾ ਐਕਸ ਪ੍ਰੈਸ ਵੀ ਲੰਬੇ ਸਮੇਂ ਤੋਂ ਬੰਦ ਪਈ ਹੈ।ਉਪਰੋਕਤ ਪੈਸੰਜਰ ਟਰੇਨ ਗੱਡੀਆਂ ਬੰਦ ਹੋਣ ਕਾਰਨ ਲੰਮੇ ਰੂਟਾਂ ਤੇ ਮੁਸਾਫ਼ਰ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਜਿੱਥੇ ਮੁਸਾਫਰਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ ਉਥੇ ਸਮਾਂ ਵੀ ਖਰਾਬ ਹੁੰਦਾ ਹੈ। ਸੋ ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਬੰਦ ਪਈਆਂ ਇਨ੍ਹਾਂ ਰੇਲ ਗੱਡੀਆਂ ਨੂੰ ਜਲਦ ਤੋਂ ਜਲਦ ਚਲਾਇਆ ਜਾਵੇ