ਬੋਹਾ 13ਅਗਸਤ (ਸਾਰਾ ਯਹਾਂ/ ਦਰਸ਼ਨ ਹਾਕਮਵਾਲਾ)-ਪਿੰਡ ਗਾਮੀਵਾਲਾ ਤੋਂ ਸ਼ੇਰਖਾਂ ਵਾਲੇ ਨੂੰ ਜਾਂਦੇ ਕੱਚੇ ਰਸਤੇ ਤੋਂ ਪਿੰਡ ਗਾਮੀਵਾਲਾ ਦੇ ਢਾਣੀ ਨਿਵਾਸੀ ਡਾਢੇ ਪ੍ਰੇਸ਼ਾਨ ਹਨ ।ਜਿਸ ਸਬੰਧੀ ਅੱਜ ਪੱਤਰਕਾਰਾਂ ਸਾਹਮਣੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਲੋਕਾਂ ਨੇ ਆਖਿਆ ਕਿ ਸਮੇਂ ਸਮੇਂ ਤੇ ਰਾਜਨੀਤਕ ਆਗੂ ਉਨ੍ਹਾਂ ਨੂੰ ਇਸ ਰਸਤੇ ਨੂੰ ਪੱਕਾ ਕਰਨ ਦੇ ਵਾਅਦੇ ਕਰਦੇ ਰਹੇ ਹਨ ਪਰ ਲੰਬਾ ਅਰਸਾ ਬੀਤ ਜਾਣ ਦੇ ਬਾਵਜੂਦ ਵੀ ਇਹ ਸੜਕ ਪੱਕੀ ਨਹੀਂ ਹੋ ਸਕੀ।ਜਿਸ ਕਾਰਨ ਅੱਜ ਉਨ੍ਹਾਂ ਨੂੰ ਮਜਬੂਰਨ ਪ੍ਰੈਸ ਸਾਹਮਣੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕਰਨਾ ਪਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਨਿਵਾਸੀ ਗਗਨਦੀਪ ਸਿੰਘ, ਹਾਕਮ ਸਿੰਘ ਜੋਗਿੰਦਰ ਸਿੰਘ, ਗੁਰਬਖਸ਼ ਸਿੰਘ ‘ਹਰਪ੍ਰੀਤ ਸਿੰਘ’ ਛੋਟੀ ਕੌਰ ,ਕਰਮਜੀਤ ਕੌਰ ,ਪਰਮਜੀਤ ਕੌਰ ਆਦਿ ਨੇ ਆਖਿਆ ਕਿ ਇਹ ਰਸਤਾ ਇੰਨਾ ਖ਼ਰਾਬ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਉਨ੍ਹਾਂ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਇਕੱਤਰ ਲੋਕਾਂ ਨੇ ਆਖਿਆ ਕਿ ਕੱਚੇ ਰਸਤੇ ਉੱਪਰ ਬਣੇ ਵੱਡੇ ਵੱਡੇ ਖੱਡਿਆਂ ਕਾਰਨ ਇੱਥੇ ਨਿੱਤ ਨਵੇਂ ਹਾਦਸੇ ਵਾਪਰ ਰਹੇ ਹਨ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਕੱਚੇ ਰਸਤੇ ਨੂੰ ਪੱਕਾ ਕਰਨ ਦੀ ਚਿਰਕੋਣੀ ਮੰਗ ਹਾਲੇ ਤਕ ਪੂਰੀ ਨਹੀਂ ਕੀਤੀ ।ਇਕੱਤਰ ਔਰਤਾਂ ਨੇ ਦੱਸਿਆ ਕਿ ਰਸਤਾ ਖ਼ਰਾਬ ਹੋਣ ਕਾਰਨ ਸਕੂਲਾਂ ਦੀਆਂ ਵੈਨਾਂ ਉਨ੍ਹਾਂ ਦੇ ਘਰਾਂ ਤੱਕ ਨਹੀਂ ਪਹੁੰਚਦੀਆਂ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੈਨਾਂ ਵਿੱਚ ਚੜ੍ਹਾਉਣ ਲਈ ਬੋਹਾ ਰਤੀਆ ਰੋਡ ਉਪਰ ਜਾਣਾ ਪੈਂਦਾ ਹੈ।ਰੋਸ ਰਹੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਰਸਤੇ ਨੂੰ ਤੁਰੰਤ ਪੱਕਿਆ ਕਰਕੇ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਇਆ ਜਾਵੇ ।