![](https://sarayaha.com/wp-content/uploads/2024/08/collage-1-scaled.jpg)
ਮਾਨਸਾ, 6 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਝੁੱਗੀ-ਝੌਂਪੜੀ ਵਿਕਾਸ ਪ੍ਰੋਗਰਾਮ ‘ਬਸੇਰਾ’ ਤਹਿਤ ਅੱਜ ਵਿਧਾਇਕ ਸ੍ਰ. ਨਾਜ਼ਰ ਸਿੰਘ ਮਾਨਸ਼ਾਹੀਆ ਨੇ ਬੱਚਤ ਭਵਨ ਵਿਖੇ ਆਯੋਜਿਤ ਇਕ ਮੀਟਿੰਗ ਦੌਰਾਨ ਸ਼ਹਿਰ ਦੇ ਸਲੱਮ ਖੇਤਰਾਂ ’ਚ ਰਹਿਣ ਵਾਲੇ 4 ਪਰਿਵਾਰਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਪ੍ਰਦਾਨ ਕਰਨ ਦੇ ਸਰਟੀਫਿਕੇਟ ਵੰਡੇ। ਸ੍ਰ. ਮਾਨਸ਼ਾਹੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਸੇਰਾ ਸਕੀਮ ਦੀ ਸ਼ੁਰੂਆਤ ਕਰਕੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇਣਾ ਸ਼ਲਾਘਾਯੋਗ ਫੈਸਲਾ ਹੈ।
![](https://sarayaha.com/wp-content/uploads/2021/08/WhatsApp-Image-2021-08-06-at-11.53.37-AM-1-1024x547.jpeg)
ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਮਕਸਦ ਝੁੱਗੀ ਝੌਂਪੜੀਆਂ ਵਾਲਿਆਂ ਲਈ ਖੁਦ ਦੇ ਘਰ ਦਾ ਸੁਪਨਾ ਪੂਰਾ ਕਰਨਾ ਹੈ। ਇਸ ਪ੍ਰੋਗਰਾਮ ਤਹਿਤ ਬੇਜ਼ਮੀਨੇ ਅਤੇ ਬੇਘਰ ਲੋਕਾਂ ਨੂੰ ਰਹਿਣ ਲਈ ਜ਼ਮੀਨ ਦੇ ਅਧਿਕਾਰ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਦੇ ਵਾਰਡ ਨੰਬਰ 26 ਦੇ ਮਹਿੰਦਰ ਸਿੰਘ, ਸੁਖਪਾਲ ਕੌਰ, ਮੇਜਰ ਸਿੰਘ ਅਤੇ ਨਛੱਤਰ ਸਿੰਘ ਨੂੰ ਅੱਜ ਜ਼ਮੀਨ ਦੀ ਮਾਲਕੀ ਦੇ ਅਧਿਕਾਰਿਤ ਸਰਟੀਫਿਕੇਟ ਸੌਂਪੇ ਗਏ ਹਨ।
![](https://sarayaha.com/wp-content/uploads/2021/08/WhatsApp-Image-2021-08-06-at-11.51.00-AM-1024x582.jpeg)
ਇਸ ਮੌਕੇ ਮੌਜੂਦ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਪੰਜਾਬ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ, ਪ੍ਰਧਾਨ ਨਗਰ ਕੌਂਸਲ ਮਾਨਸਾ ਸ੍ਰੀਮਤੀ ਜਸਵੀਰ ਕੌਰ, ਵਾਈਸ ਪ੍ਰਧਾਨ ਨਗਰ ਕੌਂਸਲ ਮਾਨਸਾ ਸ੍ਰੀ ਪਵਨ ਕੁਮਾਰ, ਮਿਊਂਸਪਲ ਕਾਊਂਸਲਰ ਵਾਰਡ ਨੰਬਰ 26 ਸ੍ਰੀ ਕ੍ਰਿਸ਼ਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)