ਸੁਨਾਮ 01ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸ਼ਹੀਦ ਊਧਮ ਸਿੰਘ ਦੀ ਪਿਸਤੌਲ ਤੇ ਡਾਇਰੀ ਇੰਗਲੈਂਡ ਤੋਂ ਵਾਪਸ ਲਿਆਉਣ ਦਾ ਮੁੱਦਾ ਉਠਾਏਗੀ।
ਸ਼ਹੀਦ ਊਧਮ ਸਿੰਘ ਦੇ 82ਵੇਂ ਸ਼ਹੀਦੀ ਦਿਵਸ ਮੌਕੇ ਮੁੱਖ ਮੰਤਰੀ ਨੇ ਇਲੈਕਟ੍ਰੌਨਿਕ ਤੇ ਪ੍ਰਿੰਟ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਸਾਡੇ ਇਸ ਮਹਾਨ ਸ਼ਹੀਦ ਦੀਆਂ ਅਸਥੀਆਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਤੋਂ ਬਾਅਦ 40 ਸਾਲਾਂ ਬਾਅਦ ਭਾਰਤ ਪਰਤੀਆਂ ਸਨ। ਉਨ੍ਹਾਂ ਕਿਹਾ ਕਿ ਇਸ ਵੇਲੇ ਸ਼ਹੀਦ ਊਧਮ ਸਿੰਘ ਦਾ ਪਿਸਤੌਲ ਸਕੌਟਲੈਂਡ ’ਚ ਪਿਆ ਹੈ, ਜਿਸ ਨਾਲ ਉਨ੍ਹਾਂ ਪੰਜਾਬ ਦੇ ਤਤਕਾਲੀਨ ਲੈਫ਼ਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਨੂੰ ਮਾਰਿਆ ਸੀ। ਇੰਝ ਹੀ ਉਨ੍ਹਾਂ ਦੀ ਡਾਇਰੀ ਵੀ ਇੰਗਲੈਂਡ ’ਚ ਕਿਤੇ ਪਈ ਹੈ।
ਕੈਪਟਨ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਮਾਮਲਾ ਤੁਰੰਤ ਬ੍ਰਿਟਿਸ਼ ਹਾਈ ਕਮਿਸ਼ਨ ਕੋਲ ਉਠਾਉਣਾ ਚਾਹੀਦਾ ਹੈ, ਤਾਂਹੀਓਂ ਦੇਸ਼ ਦੇ ਮਹਾਨ ਸ਼ਹੀਦ ਦੀਆਂ ਕੀਮਤੀ ਵਸਤਾਂ ਵਾਪਸ ਮਿਲ ਸਕਣਗੀਆਂ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼, ਹੁਸੈਨੀਵਾਲਾ ਤੇ ਨਵੀਂ ਬਣੀ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਵਰਗੇ ਕਈ ਸਮਾਰਕ ਹਨ ਅਤੇ ਛੇਤੀ ਹੀ ਆਜ਼ਾਦੀ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਹੋਰ ਵੀ ਕਈ ਸ਼ਹੀਦਾਂ ਤੇ ਨਾਇਕਾਂ ਲਈ ਵੀ ਯਾਦਗਾਰ ਉਸਾਰੀ ਜਾਵੇਗੀ। ਇਹ ਸਾਡੀ ਮਿੱਟੀ ਦੇ ਸਪੂਤਾਂ ਨੂੰ ਸਾਡੀ ਸ਼ਰਧਾਂਜਲੀ ਹੋਵੇਗੀ। ਇਹ ਯਾਦਗਾਰ ਖ਼ਾਸ ਕਰ ਕੇ ਉਨ੍ਹਾਂ ਨਾਇਕਾਂ ਨੂੰ ਸਮਰਪਿਤ ਹੋਵੇਗੀ, ਜਿਨ੍ਹਾਂ ਨੂੰ ਬ੍ਰਿਟਿਸ਼ ਹਕੂਮਤ ਦੌਰਾਨ ‘ਕਾਲ਼ੇ ਪਾਣੀ’ ਦੀ ਸਜ਼ਾ ਹੋਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਮਾਰਕ ਸਾਨੂੰ ਸਦਾ ਸਾਡੀ ਸ਼ਾਨਦਾਰ ਵਿਰਾਸਤ ਦੀ ਯਾਦ ਦਿਵਾਉਂਦੀਆਂ ਹਨ ਤੇ ਨੌਜਵਾਨਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਭਰਦੀਆਂ ਹਨ। ਮੁੱਖ ਮੰਤਰੀ ਨੇ ਕੱਲ੍ਹ ਸੰਗਰੂਰ ਜ਼ਿਲ੍ਹੇ ਦੇ ਸੁਨਾਮ ’ਚ ਸ਼ਹੀਦ ਊਧਮ ਸਿੰਘ ਯਾਦਗਾਰ ਰਾਸ਼ਟਰ ਨੂੰ ਸਮਰਪਿਤ ਕੀਤੀ ਸੀ।