ਮਾਨਸਾ (ਝੁਨੀਰ), 31 ਜੁਲਾਈ 2021(ਸਾਰਾ ਯਹਾਂ/ਬਲਜੀਤ ਪਾਲ) ਕਿਸਾਨਾਂ ਲਈ ਲਾਹੇਵੰਦ ਸਾਬਤ ਹੋਣ ਦੀ ਬਜਾਏ ਬਾਰਸ਼ ਮੁਸੀਬਤ ਬਣ ਕੇ ਆਈ। ਹਜ਼ਾਰਾਂ ਏਕੜ ਫ਼ਸਲ ਮੀਂਹ ਦੇ ਪਾਣੀ ਦੀ ਮਾਰ ਹੇਠ ਆ ਗਈ। ਮਾਨਸਾ ਦੇ ਪਿੰਡ ਬਾਜੇਵਾਲਾ, ਬੀਰੇਵਾਲਾ ਜੱਟਾਂ ,ਝੇਰਿਆਂਵਾਲੀ, ਕੋਟ ਧਰਮੂ ਅਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਡੁੱਬ ਗਈ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਇਸ ਇਲਾਕੇ ਦੇ ਕਿਸਾਨਾਂ ਨੇ ਆਪਣੇ ਦੁੱਖੜੇ ਰੋਏ । ਪਿੰਡ ਬਾਜੇਵਾਲਾ ਦੇ ਕਿਸਾਨ ਜਸਵਿੰਦਰ ਸਿੰਘ ,ਕੁਲਦੀਪ ਸਿੰਘ, ਗੋਰਾ ਸਿੰਘ ,ਬੰਟੀ ਸਿੰਘ, ਨੇ ਦੱਸਿਆ ਕਿ ਨਾ ਤਾਂ ਕਿਸਾਨਾਂ ਦੀ ਗੱਲ ਸਰਕਾਰਾਂ ਸੁਣ ਰਹੀਆਂ ਹਨ ਤੇ ਨਾ ਹੀ ਰੱਬ ਸੁਣਦਾ ਹੈ । ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਘਰਾਂ ਤੇ ਫ਼ਸਲਾਂ ਨੂੰ ਬਚਾਉਣ ਲਈ ਯਤਨ ਕਰ ਰਹੇ ਹਨ ਪ੍ਰੰਤੂ ਉੱਚੇ ਖੇਤਾਂ ਵਿੱਚੋਂ ਇਕੱਠੇ ਹੋਏ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਹੈ ਕਿ ਕੁਝ ਹੀ ਸਮੇਂ ਵਿੱਚ ਕਿਸਾਨਾਂ ਦੀ ਨਰਮੇ , ਝੋਨੇ ਦੀ ਫ਼ਸਲ ਬਰਬਾਦ ਕਰ ਦਿੱਤੀ।
ਪਿੰਡ ਬੀਰੇਵਾਲਾ ਜੱਟਾਂ ਦੇ ਕਿਸਾਨ ਗੁਰਪਿਆਰ ਸਿੰਘ, ਲਖਵਿੰਦਰ ਸਿੰਘ, ਕ੍ਰਿਸ਼ਨ ਸਿੰਘ ਤੇ ਬੰਤ ਸਿੰਘ ਨੇ ਦੱਸਿਆ ਕਿ ਸਾਡੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ ਅਸੀਂ ਪਾਣੀ ਨੂੰ ਸੁਕਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਇਆ ਪਰ ਉੱਪਰੋਂ ਰੱਬ ਦੇਰ ਰਾਤ ਨੂੰ ਵੇਖ ਕੇ ਸਾਡੇ ਸਾਹ ਸੁੱਕ ਰਹੇ ਹਨ ਪਤਾ ਨੀ ਸਾਡਾ ਭਵਿੱਖ ਕਿਹੋ ਜਿਹਾ ਹੋਊ ? ਕਿਸਾਨਾਂ ਨੇ ਕਿਹਾ ਕਿ ਪੂਰੀ ਰਾਤ ਹੋਈ ਬਾਰਿਸ਼ ਨੇ ਸਥਿਤੀ ਇੰਨੀ ਚਿੰਤਾਜਨਕ ਬਣਾ ਦਿੱਤੀ ਕਿ ਸੈਂਕੜੇ ਏਕੜ ਰਕਬੇ ਵਿੱਚ ਝੋਨੇ ਦੀ ਫ਼ਸਲ ਪਾਣੀ ਵਿੱਚ ਰੁੜ੍ਹ ਗਈ, ਉੱਥੇ ਹੀ ਨਰਮੇ ਦੀ ਫ਼ਸਲ ਪਾਣੀ ਭਰਨ ਨਾਲ ਖਤਮ ਹੋਣ ਦਾ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ। ਬਾਜੇ ਵਾਲੇ ਦੇ ਹੀ ਕਿਸਾਨ ਜਸਵਿੰਦਰ ਸਿੰਘ ਨਿੱਕਾ ਅਤੇ ਕੁਲਦੀਪ ਸਿੰਘ ਮਿਸਤਰੀ ਨੇ ਕਿਹਾ ਕਿ ਸਾਡੇ ਕੋਲ ਥੋੜ੍ਹਾ ਥੋੜ੍ਹਾ ਰਕਬਾ ਹੈ ਜਿਸ ਵਿੱਚ ਸਿਰਫ਼ ਟਾਈਮ ਪਾਸ ਜੋਗੀ ਹੀ ਫ਼ਸਲ ਹੁੰਦੀ ਹੈ ਪਰ ਉੱਪਰੋਂ ਰੱਬ ਦੀ ਕਰੋਪੀ ਨੇ ਸਾਡੀਆਂ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ । ਲੋਕ ਆਪਣੇ ਘਰਾਂ ਅਤੇ ਫਸਲਾਂ ਨੂੰ ਬਚਾਉਣ ਲਈ ਜੂਝ ਰਹੇ ਹਨ । ਇਸੇ ਤਰ੍ਹਾਂ ਪਿੰਡ ਕੋਟ ਧਰਮੂ ਅਤੇ ਉੱਡਤ ਭਗਤ ਰਾਮ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਦੀ ਪੂਰਤੀ ਲਈ ਪੰਜਾਬ ਅਤੇ ਕੇਂਦਰ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।