ਬੁਢਲਾਡਾ 30 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) ਨਵੇ ਪੱਕੇ ਡਰਾਇਵਿਗ ਲਾਇਸੈਂਸ ਬਣਵਾਉਣ ਲਈ ਆਨ ਲਾਇਨ ਅਪਾਂਇੰਟਮੈਂਟ ਅਪਲਾਈ ਕਰਨ ਦੀ ਲਿਮਟ ਘੱਟ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਚੋਂ ਗੁਜਰਨਾਂ ਪੈ ਰਿਹਾ ਹੈ। ਸਥਾਨਕ ਸ਼ਹਿਰ ਦੇ ਲੋਕਾਂ ਨੇ ਦੱਸਿਆ ਕਿ ਲਾਕਡਾਉਨ ਤੋਂ ਪਹਿਲਾਂ ਕੱਚੇ ਲਾਇਸੈਂਸ ਤੋਂ ਪੱਕੇ ਲਾਇਸੈਸ ਬਣਵਾਉਣ ਲਈ ਪੰਜਾਬ ਸਰਕਾਰ ਦੀ ਸਾਇਟ ਤੋਂ ਜਿਲ੍ਹੇ ਦੀ ਹਰ ਸਬ-ਡਵੀਜਨ ਲਈ ਰੋਜ਼ਾਨਾਂ 40 ਪ੍ਰਾਰਥੀਆਂ ਨੂੰ ਆਨ ਲਾਇਨ ਅਪਾਂਇੰਟਮੈਂਟ ਮਿਲਦੀ ਸੀ ਪਰ ਹੁਣ ਇਸਦੀ ਗਿਣਤੀ ਸਿਰਫ 16 ਹੀ ਹੈ, ਜੋ ਕਿ ਇਸ ਸਾਇਟ ਦੇ ਸਵੇਰੇ 9 ਵਜੇ ਖੁੱਲਣ ਦੇ ਸਿਰਫ 30 ਸਕਿੰਟ ਦੇ ਸਮੇਂ ਚ ਵੀ ਪੂਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਕੋਰੋਨਾਂ ਦੇ ਪ੍ਰਕੋਪ ਘਟਣ ਤੋਂ ਬਾਅਦ ਬੇਸ਼ੱਕ ਜਿਲ੍ਹਾ ਪੱਧਰ ‘ਤੇ ਪਹਿਲਾਂ ਵਾਂਗ ਰੋਜਾਨਾਂ 40 ਸੀਟਾਂ ਲਈ ਅਪਾਇੰਟਮੈਂਟ ਖੋਲ ਦਿੱਤੀ ਪਰ ਸਬ-ਡਵੀਜਨ ਪੱਧਰ ਤੇ ਅਜੇ ਸਿਰਫ 16 ਸੀਟਾਂ ਨੂੰ ਹੀ ਪ੍ਰਵਾਨਗੀ ਹੈ ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾਂ ਖੱਜਲ ਖੁਆਰੀ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ।ਜਿਸ ਕਰਕੇ ਲੋਕਾਂ ਦੇ ਡਰਾਇਵਿੰਗ ਲਾਇਸੈਂਸ ਨਹੀਂ ਬਣ ਰਹੇ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜੇਕਰ ਕੋਈ ਮਿਲਦੇ ਇਸ 30 ਸੈਕਿੰਡ ਦੇ ਸਮੇਂ ਚ ਹਿੰਮਤ ਨਾਲ ਆਪਣੀ ਸਲੋਟ ਬੁਕ ਕਰਨ ਚ ਸਫਲ ਹੋ ਜਾਦਾਂ ਹੈ ਤਾਂ ਉਸਨੂੰ ਵੀ ਆਪਣੇ ਡਰਾਇੰਵਿੰਗ ਟੈਸਟ ਲਈ 1 ਮਹੀਨਾਂ ਉਡੀਕ ਕਰਨੀ ਪੈਦੀ ਹੈ । ਉਕਤ ਨੌਜਵਾਨਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਪਾਸੋਂ ਡਰਾਇਵਿੰਗ ਟੈਸਟ ਸਲਾਉਟ ਬੁੱਕ ਕਰਨ ਲਈ ਸਾਰੀਆਂ ਤਾਰੀਕਾਂ ਖੋਲਣ ਦੀ ਮੰਗ ਕਰਦਿਆ ਕਿਹਾ ਕਿ ਇੰਨ੍ਹੀ ਦਿਨੀ ਕਈ ਲੜਕੇ–ਲੜਕੀਆਂ ਵੱਲੋਂ ਬਣਵਾਏ ਲਰਨਰ ਲਾਇੰਸੈਂਸਾਂ ਦੀ ਮਿਆਦ ਖਤਮ ਹੋ ਚੁੱਕੀ ਅਤੇ ਉਨ੍ਹਾਂ ਨੂੰ ਆਪਣੇ ਲਾਇਸੈਂਸ ਅਪਗ੍ਰੇਡ ਕਰਵਾਉਣ ਲਈ ਅਪਾਇੰਟਮੈਂਟ ਨਾ ਮਿਲਣ ਕਾਰਨ ਫਿਰ ਨਵੇਂ ਸਿਰੇ ਤੋਂ ਲਰਨਰ ਪ੍ਰਕਿਿਰਆ ਚੋਂ ਗੁਜਰਨ ਦੇ ਨਾਲ ਭਾਰੀ ਖਰਚ ਸਹਿਨ ਕਰਨਾ ਪਵੇਗਾ।