ਚੰਡੀਗੜ, 28 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) :ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਕਿਹਾ ਕਿ ਟੋਕੀਓ 2020 ਓਲੰਪਿਕ ਵਿਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ, ਖਾਸਕਰ ਪੰਜਾਬੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖ ਕੇ ਮੈਨੂੰ ਪੱਕਾ ਯਕੀਨ ਹੈ ਕਿ ਅਸੀਂ ਮਾਸਕੋ ਓਲੰਪਿਕ 1980 ਤੋਂ ਬਾਅਦ ਹਾਕੀ ਵਿੱਚ ਤਗਮਾ ਹਾਸਲ ਕਰ ਲਵਾਂਗੇ। ਸ. ਸੋਢੀ ਨੇ ਅੱਜ ਸੂਬੇ ਭਰ ਵਿੱਚ ਸੈਲਫੀ ਪੁਆਇੰਟਾਂ ਦਾ ਉਦਘਾਟਨ ਕਰਨ ਦੇ ਨਾਲ ਹੀ ਸੈਕਟਰ 78 ਦੇ ਸਟੇਡੀਅਮ ਵਿਖੇ ਚੱਲ ਰਹੇ ਮੁਕਾਬਲਿਆਂ ਤੱਕ ਓਲੰਪਿਕਸ ਦੀ ਲਾਈਵ ਸਟ੍ਰੀਮਿੰਗ ਲਈ ਐਲਈਡੀ ਸਕਰੀਨ ਦਾ ਉਦਘਾਟਨ ਕੀਤਾ।ਰਾਣਾ ਸੋਢੀ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਆਲਮੀ ਮਾਪਦੰਡਾਂ ਮੁਤਾਬਕ ਸਾਰੇ ਖਿਡਾਰੀ ਟੋਕੀਓ ਓਲੰਪਿਕਸ ਲਈ ਪੂਰੀ ਤਰਾਂ ਤਿਆਰ ਹਨ ਅਤੇ ਸਾਰੇ ਖੇਡ ਮੁਕਾਬਲਿਆਂ ਵਿੱਚ ਸੂਬੇ ਦੇ ਖਿਡਾਰੀ ਘੱਟੋ-ਘੱਟ ਤਿੰਨ ਜਾਂ ਚਾਰ ਤਮਗੇ ਜ਼ਰੂਰ ਜਿੱਤਣਗੇ ਕਿਉਂਕਿ ਟੋਕੀਓ ਓਲੰਪਿਕਸ ਲਈ ਸਭ ਤੋਂ ਵੱਧ ਖਿਡਾਰੀ ਭੇਜਣ ਵਾਲਾ ਪੰਜਾਬ ਦੇਸ਼ ਦਾ ਦੂਜਾ ਸੂਬਾ ਹੈ। ਖੇਡ ਮੰਤਰੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਖਿਡਾਰੀਆਂ ਨੇ ਦਿਨ-ਰਾਤ ਸਖ਼ਤ ਮਿਹਨਤ ਕੀਤੀ ਹੈ ਅਤੇ ਉਹ ਓਲੰਪਿਕ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਗੇ। ਮੰਤਰੀ ਨੇ ਅੱਗੇ ਕਿਹਾ ਕਿ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੇ ਓਲੰਪਿਕ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਉਨਾਂ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ। ਇਸ ਮਕਸਦ ਲਈ ਖੇਡ ਵਿਭਾਗ ਵੱਲੋਂ ਸੈਕਟਰ-78, ਸਪੋਰਟਸ ਕੰਪਲੈਕਸ ਵਿਖੇ ਸੈਲਫੀ ਪੁਆਇੰਟ ਸਥਾਪਤ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਸ਼ੰਸਕਾਂ ਵੱਲੋਂ ਸਾਰੇ ਓਲੰਪਿਕ ਖਿਡਾਰੀਆਂ ਪ੍ਰਤੀ ਆਪਣਾ ਪਿਆਰ ਅਤੇ ਸਨੇਹ ਜ਼ਾਹਰ ਕਰਨ ਦਾ ਇਹ ਇਕ ਸੁਨਹਿਰੀ ਮੌਕਾ ਹੈ। ਇਸ ਸੈਲਫੀ ਪੁਆਇੰਟ ਉਤੇ ਇਕ ਐਲਈਡੀ ਸਕਰੀਨ ਹੈ, ਜਿਸ ’ਤੇ ਓਲੰਪਿਕ-2020 ਦੇ ਵੱਖ-ਵੱਖ ਲਾਈਵ ਖੇਡਾਂ ਦਾ ਪ੍ਰਸਾਰਨ ਕੀਤਾ ਜਾਵੇਗਾ। ਉਨਾਂ ਮੁਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੈਲਫੀ ਪੁਆਇੰਟ ’ਤੇ ਆਉਣ ਅਤੇ ਸਾਡੇ ਓਲੰਪਿਕ ਖਿਡਾਰੀਆਂ ਨੂੰ ਉਤਸ਼ਾਹਤ ਕਰਨ।ਰਾਣਾ ਸੋਢੀ ਨੇ ਦੁਹਰਾਇਆ ਕਿ ਓਲੰਪਿਕ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੇ ਨੂੰ 2 ਕਰੋੜ 25 ਲੱਖ ਰੁਪਏ, ਚਾਂਦੀ ਤਗਮਾ ਜੇਤੂ ਨੂੰ 1.5 ਕਰੋੜ ਰੁਪਏ ਅਤੇ ਕਾਂਸੀ ਤਗਮਾ ਹਾਸਲ ਕਰਨ ਵਾਲੇ ਖਿਡਾਰੀ ਨੂੰ 1 ਕਰੋੜ ਰੁਪਏ ਇਨਾਮੀ ਰਾਸ਼ੀ ਦੇ ਰੂਪ ਵਿੱਚ ਅਤੇ ਵਧੀਆ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਖੇਡਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਜ ਕਮਲ ਚੌਧਰੀ ਅਤੇ ਖੇਡਾਂ ਦੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਦੀ ਅਗਵਾਈ ਹੇਠ ਡਿਜ਼ਾਈਨ ਕੀਤੀ ਮੋਬਾਈਲ ਐਪਲੀਕੇਸ਼ਨ “ਖੇਡੋ ਪੰਜਾਬ” ਦੇ ਸ਼ੁਰੂ ਹੋਣ ਨਾਲ ਸੂਬੇ ਦੇ ਖਿਡਾਰੀ ਅਤੇ ਉੱਭਰ ਰਹੇ ਖਿਡਾਰੀ ਆਨਲਾਈਨ ਰਜਿਸਟਰ ਕਰ ਸਕਣਗੇ ਅਤੇ ਅੰਤਰਰਾਸ਼ਟਰੀ/ਰਾਸ਼ਟਰੀ/ਰਾਜ ਟੀਚਿਆਂ ਦੀ ਪਛਾਣ ਕਰਨ ਦੇ ਨਾਲ-ਨਾਲ ਆਪਣੀ ਦਿਲਚਸਪੀ ਮੁਤਾਬਕ ਕੋਈ ਵੀ ਖੇਡ ਚੁਣ ਸਕਣਗੇ।ਇਸ ਮੌਕੇ ਖੇਡਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ, ਜੁਆਇੰਟ ਡਾਇਰੈਕਟਰ ਸ੍ਰੀ ਕਰਤਾਰ ਸਿੰਘ, ਐਕਸੀਅਨ ਸਪੋਰਟਸ ਸ੍ਰੀ ਸੰਜੇ ਮਹਾਜਨ, ਡੀਐਸਓ ਮੁਹਾਲੀ ਸ੍ਰੀਮਤੀ ਗੁਰਦੀਪ ਕੌਰ ਅਤੇ ਖੇਤਰ ਦੇ ਉੱਭਰ ਰਹੇ ਖਿਡਾਰੀ ਹਾਜ਼ਰ ਸਨ।