ਚੰਡੀਗੜ੍ਹ 27,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪਟੀਸ਼ਨ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਮਦਨ ਕਰ ਵਿਭਾਗ ਨੂੰ ਜਾਰੀ ਕੀਤਾ ਹੈ। ਨਵਜੋਤ ਸਿੱਧੂ ਨੇ 2016-17 ਦੀ ਆਪਣੀ ਆਮਦਨ ਦੀ ਗਲਤ ਅਸੈਸਮੈਂਟ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਦੀ ਸੁਣਵਾਈ ਕਰਦਿਆਂ ਅਦਲਤ ਨੇ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਹੋਵੇਗੀ।
ਸਿੱਧੂ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ 2016-17 ਵਿੱਚ ਉਨ੍ਹਾਂ ਦੀ ਆਮਦਨ 9 ਕਰੋੜ, 66 ਲੱਖ, 28 ਹਜ਼ਾਰ, 470 ਰੁਪਏ ਸੀ ਪਰ ਇਨਕਮ ਟੈਕਸ ਉਨ੍ਹਾਂ ਦੀ ਆਮਦਨ 13 ਕਰੋੜ, 19 ਲੱਖ, 66 ਹਜ਼ਾਰ, 530 ਰੁਪਏ ਦੱਸ ਰਿਹਾ ਹੈ।
ਸਿੱਧੂ ਨੇ ਇਨਕਮ ਟੈਕਸ ਵਿਭਾਗ ਖਿਲਾਫ ਗਲਤ ਅਸੈਸਮੈਂਟ ਕਰਨ ਤੇ ਉਨ੍ਹਾਂ ਦੀ ਰਿਵੀਜ਼ਨ ਖਾਰਜ ਕਰਨ ਖਿਲਾਫ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿੱਚ ਹਾਈਕੋਰਟ ਨੇ ਇਨਕਮ ਟੈਕਸ ਵਿਭਾਗ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਸਿੱਧੂ ਨੇ ਅੰਮ੍ਰਿਤਸਰ ਦੇ ਜੁਆਇੰਟ ਕਮਿਸ਼ਨਰ ਆਫ ਇਨਕਮ ਟੈਕਸ ਦੇ ਉਸ ਹੁਕਮ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ ਜਿਸ ਤਹਿਤ ਜੁਆਇੰਟ ਕਮਿਸ਼ਨਰ ਨੇ ਉਨ੍ਹਾਂ ਦੀ ਰਿਵੀਜ਼ਨ ਖਾਰਜ ਕਰ ਦਿੱਤੀ ਸੀ।
ਨਵਜੋਤ ਸਿੱਧੂ ਨੇ 2016-17 ਦੀ ਆਪਣੀ ਇਨਕਮ ਟੈਕਸ ਰਿਪੋਰਟ ਭਰਦਿਆਂ ਹੋਇਆ ਇਸ ਸਾਲ ਦੀ ਆਮਦਨ 9 ਕਰੋੜ, 66 ਲੱਖ, 28 ਹਜ਼ਾਰ, 470 ਦੱਸੀ ਸੀ ਤੇ ਇਹ ਰਿਟਰਨ 19 ਅਕਤੂਬਰ, 2016 ਨੂੰ ਭਰ ਦਿੱਤੀ ਸੀ ਪਰ ਇਸ ਰਿਟਰਨ ਨੂੰ ਭਰਨ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੇ 13 ਮਾਰਚ, 2019 ਨੂੰ ਉਨ੍ਹਾਂ ਨੂੰ ਸੂਚਿਤ ਕਰਦਿਆਂ ਹੋਇਆ ਦੱਸਿਆ ਕਿ ਉਨ੍ਹਾਂ ਦੀ ਇਸ ਦੌਰਾਨ ਦੀ ਆਮਦਨ 13 ਕਰੋੜ, 19 ਲੱਖ, 66 ਹਜ਼ਾਰ, 530 ਰੁਪਏ ਹੈ।