ਮਾਨਸਾ 27,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):ਬਹੁਜਨ ਸਮਾਜ ਪਾਰਟੀ ਨੇ ਅੱਜ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਵੱਲੋਂ ਹਲਕੇ ਦੇ ਇੱਕ ਸਰਪੰਚ ਨਾਲ ਫੋਨ ਤੇ ਗੱਲ ਕਰਦਿਆਂ ਦਲਿਤਾਂ ਦੇ ਵਿਰੋਧ ਵਿੱਚ ਅਪਸ਼ਬਦ ਬੋਲਦਿਆਂ ਬੋਲਣ ਦੇ ਵਿਰੋਧ ਵਿੱਚ ਸਾਬਕਾ ਵਿਧਾਇਕ ਦਾ ਪੁਤਲਾ ਫੂਕਿਆ ਤੇ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਆਤਮਾ ਸਿੰਘ ਪੁਮਾਰ ਅਤੇ ਐਡਵੋਕੇਟ ਭੁਪਿੰਦਰ ਸਿੰਘ ਬੀਰਵਾਲ ਨੇ ਕਿਹਾ ਕਿ ਸਾਬਕਾ ਵਿਧਾਇਕ ਮੋਫਰ ਨੇ ਦਲਿਤਾਂ ਪ੍ਰਤੀ ਜਾਤੀ ਸ਼ਬਦ ਬੋਲ ਕੇ ਗਲਤ ਟਿੱਪਣੀ ਕੀਤੀ ਹੈ। ਉਹਨਾਂ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸਾਬਕਾ ਵਿਧਾਇਕ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਸਾਬਕਾ ਕਾਂਗਰਸੀ ਵਿਧਾਇਕ ਤੇ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਆਉਣ ਵਾਲੀ 3 ਅਗਸਤ ਨੂੰ ਸਰਦੂਲਗੜ੍ਹ ਵਿਖੇ ਪੰਜਾਬ ਭਰ ਦੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਧਰਨਾ ਦੇਣਗੇ। ਇਸ ਪੰਜਾਬ ਪੱਧਰੀ ਧਰਨੇ ਦੀ ਪ੍ਰਧਾਨਗੀ ਪੰਜਾਬ ਦੇ ਪ੍ਰਧਾਨ ਸ੍ਰ. ਜਸਵੀਰ ਸਿੰਘ ਗੜੀ ਅਤੇ ਮੁੱਖ ਮਹਿਮਾਨ ਰਣਵੀਰ ਸਿੰਘ ਬਹਿਣੀਵਾਲ ਹੋਣਗੇ। ਅਤੇ ਇਸਦੇ ਨਾਲ ਹੀ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਅਤ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਦੇ ਆਗੂ ਅਤੇ ਵਰਕਰਾਂ ਨੇ ਕਿਹਾ ਕਿ ਜਿੰਨ੍ਹਾਂ ਚਿਰ ਤਿੰਨੇ ਕਾਨੂੰਨ ਰੱਦ ਨਹੀਂ ਹੋਣਗੇ, ਦੇਸ਼ ਦੀਆਂ ਸ਼ੜਕਾਂ ਅਤੇ ਰਾਜ ਸਭਾ ਤੇ ਲੋਕ ਸਭਾ ਅੱਗੇ ਤਨੋ-ਮਨੋ ਕਿਸਾਨਾਂ ਦੇ ਹੱਕ ਵਿੱਚ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਗੱਠਜੋੜ ਹਮੇਸ਼ਾ ਕਿਸਾਨਾਂ ਨਾਲ ਖੜਾ ਹੈ ਅਤੇ ਖੜੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਪ੍ਰੇਮ ਅਰੋੜਾ, ਗੁਰਦੀਪ ਸਿੰਘ ਮਾਖਾ, ਲੱਖਾ ਸਿੰਘ ਕੁਸਲਾ, ਗੁਰਜੰਟ ਸਿੰਘ ਭੀਖੀ, ਸਰਵਰ ਕਰੈਸ਼ੀ, ਡਾ. ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ਚਹਿਲ, ਕੇ.ਐੱਸ. ਮਠਾੜੂ, ਸੁਖਦੇਵ ਭੀਖੀ, ਜਸਵੀਰ ਜੱਸੀ, ਅੰਗਰੇਜ ਜਟਾਣਾ, ਬਲਵੀਰ ਸਿੰਘ ਬੁਢਲਾਡਾ ਆਦਿ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜਰ ਸਨ।