ਪਟਿਆਲਾ, 25 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ): ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਿਹਾ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ 127 ਵੇਂ ਦਿਨ ਟਾਵਰ ਉੱਪਰ ਆਪਣੀਆਂ ਹੱਕੀ ਮੰਗਾਂ ਲਈ ਡਟਿਆ ਹੋਇਆ ਹੈ। ਸੁਰਿੰਦਰਪਾਲ ਗੁਰਦਾਸਪੁਰ ਦੇ ਪੈਰਾਂ ਦੀ ਚਮੜੀ ਤਾਂ ਪਹਿਲਾਂ ਹੀ ਉਖੜ ਰਹੀ ਸੀ ਹੁਣ ਖੱਬੀ ਬਾਂਹ ਦੀ ਚਮੜੀ ਵੀ ਖ਼ਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ। ਅੱਜ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਦੇ ਵੱਲੋਂ ਟਵਿੱਟਰ ਦੇ ਉੱਪਰ ਸੁਰਿੰਦਰਪਾਲ ਦੇ ਹੱਕ ਵਿਚ #ਸਪੋਰਟਸੁਰਿੰਦਰਪਾਲ ਦੀ ਮੁਹਿੰਮ ਚਲਾਈ ਗਈ। ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੁਰਿੰਦਰਪਾਲ ਦੇ ਹੱਕ ਵਿੱਚ ਟਵੀਟ ਹੋਏ। ਇਸ ਮੌਕੇ ਐਕਟਵਿਸਟ ਡਾ. ਰਿਤੂ ਸਿੰਘ ਨੇ ਵੀ ਸੁਰਿੰਦਰਪਾਲ ਗੁਰਦਾਸਪੁਰ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ। ਸੁਰਿੰਦਰਪਾਲ ਦੇ ਹੱਕ ਚ ਟਵੀਟ ਕੀਤਾ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸੁਰਿੰਦਰਪਾਲ ਦੇ ਹੱਕ ਵਿੱਚ ਟਵੀਟ ਕੀਤਾ ਜਾਵੇ। ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ, ਨਿਰਮਲ ਜ਼ੀਰਾ, ਸਲਿੰਦਰ ਕੰਬੋਜ, ਬਲਵਿੰਦਰ ਨਾਭਾ ਪਰਗਟ, ਲਾਡੀ, ਅਮਰਿੰਦਰ, ਗੁਰਦੀਪ ਤੇ ਅਸੀਮਾ ਨਾਭਾ ਨੇ ਕਿਹਾ ਕਿ 127 ਦਿਨਾਂ ਤੋਂ ਲਗਾਤਾਰ ਸੁਰਿੰਦਰਪਾਲ ਵੱਲੋਂ ਟਾਵਰ ਉਪਰ ਸੰਘਰਸ਼ ਕਰਨ ਦੌਰਾਨ ਬੇਰੁਜ਼ਗਾਰ ਅਧਿਆਪਕਾਂ,
ਵਿਦਿਆਰਥੀਆਂ ਤੇ ਨੌਜਵਾਨਾਂ ਨੇ ਸੁਰਿੰਦਰਪਾਲ ਦੇ ਹੱਕ ਵਿੱਚ ਅੱਜ ਟਵਿੱਟਰ ਦੇ ਉੱਪਰ ਸੁਰਿੰਦਰਪਾਲ ਦੇ ਹੱਕ ਵਿਚ ਮੁਹਿੰਮ ਚਲਾਈ। ਜਿਸ ਵਿੱਚ ਵਿਦਿਆਰਥੀ ਤੇ ਬੇਰੁਜ਼ਗਾਰਾਂ ਵੱਲੋਂ ਸੁਰਿੰਦਰਪਾਲ ਦੇ ਹੱਕ ਚ ਵੱਡੀ ਗਿਣਤੀ ਵਿੱਚ ਟਵੀਟ ਕੀਤੇ ਗਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਚਾਰ ਮਹੀਨਿਆਂ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਨਾ ਦੇਣ ਕਰਕੇ ਪੰਜਾਬ ਸਰਕਾਰ ਖਿਲਾਫ ਇਕ ਮੁਹਿੰਮ ਰਾਹੀਂ ਆਪਣਾ ਰੋਸ ਪ੍ਰਗਟ ਕੀਤਾ ਗਿਆ। ਜੇਕਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਤਿੱਖੇ ਐਕਸ਼ਨ ਉਲੀਕੇ ਜਾਣਗੇ। ਜਿਸ ਦੌਰਾਨ ਜੋ ਵੀ ਨੁਕਸਾਨ ਹੋਵੇਗਾ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪਟਿਆਲਾ ਪ੍ਰਸ਼ਾਸਨ ਹੋਵੇਗਾ।