*ਨੇਕੀ ਫਾਉਂਡੇਸ਼ਨ ਨੇ ਲਗਾਈ ਜ਼ਿਲ੍ਹੇ ਦੀ ਵੱਡੀ ਪੌਦਿਆਂ ਦੀ ਪ੍ਰਦਰਸ਼ਨੀ*

0
50

ਬੁਢਲਾਡਾ, 24 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ) : ਜ਼ਿਲ੍ਹਾ ਮਾਨਸਾ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਬੁਢਲਾਡਾ ਦੇ ਸ਼ਹੀਦ ਕੈਪਟਨ ਕੇ ਕੇ ਗੌੜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਵਿਖੇ ਜ਼ਿਲ੍ਹੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਪਹਿਲੀ ਪ੍ਰਦਰਸ਼ਨੀ ਲਗਾਈ ਗਈ ਜਿੱਥੇ ਵੱਖ ਵੱਖ 50 ਕਿਸਮਾਂ ਦੇ ਛਾਂਦਾਰ, ਫੁੱਲਦਾਰ, ਫ਼ਲਦਾਰ, ਸਜਾਵਟੀ, ਦਵਾਈਆਂ ਵਾਲੇ ਅਤੇ ਰਵਾਇਤੀ ਪੌਦੇ ਸ਼ਾਮਿਲ ਕੀਤੇ ਗਏ। ਇਸ ਪ੍ਰਦਰਸ਼ਨੀ ਵਿੱਚ  3000 ਤੋਂ ਵੱਧ ਲੋਕਾਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਲੋਕਾਂ ਨੂੰ ਹਰ ਪੌਦੇ ਵਾਰੇ ਪੂਰੀ ਜਾਣਕਾਰੀ ਦੇਣ ਦੇ ਨਾਲ ਨਾਲ, ਨੇਕੀ ਫਾਉਂਡੇਸ਼ਨ ਵੱਲੋਂ ਇਹ ਪੌਦੇ ਉਹਨਾਂ ਨੂੰ ਗੋਦ ਦੇਕੇ ਵੰਡੇ ਵੀ ਗਏ। ਇਸ ਪ੍ਰਦਰਸ਼ਨੀ ਵਿੱਚ ਬੱਚੇ , ਬਜ਼ੁਰਗ, ਔਰਤਾਂ-ਮਰਦ, ਨੌਜਵਾਨਾਂ, ਸਭ ਵੱਲੋਂ ਭਾਗ ਲਿਆ ਗਿਆ ਅਤੇ ਉਹਨਾਂ ਵਿੱਚ ਪ੍ਰਦਰਸ਼ਨੀ ਪ੍ਰਤੀ ਬੜੀ ਉਤਸੁਕਤਾ ਦੇਖਣ ਨੂੰ ਮਿਲੀ। ਜਿੱਥੇ ਚਾਰੇ ਪਾਸੇ ਸੰਸਥਾ ਦੇ ਇਸ ਕੰਮ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਸੀ, ਉੱਥੇ ਹੀ ਸੰਸਥਾ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਜ਼ਿਲ੍ਹੇ ਵਿੱਚ ਪਹਿਲੀ ਵਾਰ ਲਗਾਈ ਗਈ ਹੈ ਅਤੇ ਉਹਨਾਂ ਨੂੰ ਉਮੀਦ ਤੋਂ ਵੱਧ ਹੁੰਗਾਰਾ ਮਿਲਿਆ ਹੈ। ਸੰਸਥਾ ਆਉਣ ਵਾਲੇ ਦਿਨਾਂ ਵਿੱਚ ਦਵਾਈਆਂ ਦੇ ਪੌਦਿਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਵੇਗੀ। ਉਹਨਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਰਾਉਂਡ ਗਲਾਸ ਫਾਉਂਡੇਸ਼ਨ ਮੌਹਾਲੀ, ਵਣ ਵਿਭਾਗ ਮਾਨਸਾ, ਵਣ ਵਿਸਥਾਰ ਮੰਡਲ ਬਠਿੰਡਾ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਸੰਸਥਾ ਅਗਲੇ ਸਾਲ ਨੇਕੀ ਨਰਸਰੀ ਵਿੱਚ ਹੋਰ ਪੌਦੇ ਤਿਆਰ ਕਰਕੇ ਇਸਤੋਂ ਵੀ ਵੱਡੀ ਪ੍ਰਦਰਸ਼ਨੀ ਲਗਾਉਣ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਿੱਥੇ 5000 ਪੌਦਿਆਂ ਦੀ ਵੰਡ ਕੀਤੀ ਗਈ,ਉੱਥੇ ਹੀ ਰਾਊਂਡ ਗਲਾਸ ਫਾਉਂਡੇਸ਼ਨ ਨਾਲ ਮਿਲਕੇ ਪਾਰਕ, ਝਿੜੀਆਂ, ਛੋਟੇ ਜੰਗਲ ਬਣਾਉਣ ਅਤੇ

ਹੋਰ ਸਾਂਝੀਆਂ ਥਾਵਾਂ 6000 ਤੋਂ ਵੱਧ ਪੌਦੇ ਲਗਾਉਣ ਲਈ ਰਜਿਸਟਰੇਸ਼ਨ ਕੀਤੀ ਗਈ। ਇਸ ਮੌਕੇ ਵਣ ਵਿਸਥਾਰ ਮੰਡਲ ਬਠਿੰਡਾ ਤੋਂ ਡੀ ਐਫ ਓ ਦਲਜੀਤ ਸਿੰਘ ਅਤੇ ਵਣ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਉਚੇਚੇ ਤੌਰ ਉੱਤੇ ਪਹੁੰਚੇ। ਅਧਿਕਾਰੀ ਦਲਜੀਤ ਸਿੰਘ ਨੇ ਜਿੱਥੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉੱਥੇ ਹੀ ਭਵਿੱਖ ਵਿੱਚ ਸੰਸਥਾ ਨਾਲ ਮਿਲਕੇ ਕੰਮ ਕਰਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ। ਨੇਕੀ ਫਾਉਂਡੇਸ਼ਨ ਵੱਲੋਂ ਬੁਢਲਾਡਾ ਕਰੋਨਾ ਕਾਲ ਵਿੱਚ ਜ਼ਿਲ੍ਹੇ ਵਿੱਚ ਮੁਫ਼ਤ ਆਕਸੀਜਨ ਵੰਡਣ ਲਈ ਸ਼ਹਿਰ ਦੇ ਨਾਮੀ ਸਮਾਜ ਸੇਵਕ ਜ਼ੀਨਤ ਕੁਮਾਰ ਨੂੰ ਪਰਿਵਾਰ ਸਮੇਤ “ਦੀ ਆਕਸੀਜਨ ਮੈਨ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਖ਼ੀਰ ਵਿੱਚ ਸੰਸਥਾ ਵੱਲੋਂ ਸਕੂਲ ਸਟਾਫ਼, ਰਾਊਂਡ ਗਲਾਸ ਦੇ ਸੁਖਜੀਤ ਰਿੰਕਾ, ਨੇਕੀ ਜੀ ਓ ਜੀ ਟੀਮ, ਗ੍ਰੀਨ ਐਕਟੀਵਿਸਟ ਟੀਮ, ਵਣ ਵਿਭਾਗ ਦੇ ਕਰਮਚਾਰੀਆਂ ਅਤੇ ਉੱਥੇ ਪਹੁੰਚੇ ਸਾਰੇ ਲੋਕਾਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।

LEAVE A REPLY

Please enter your comment!
Please enter your name here