ਮੋਗਾ 23,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਜ਼ਿਲ੍ਹੇ ਦੇ ਲੋਹਾਰਾ ਪਿੰਡ ਨੇੜੇ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਨਵੀਂ ਨਿਯੁਕਤ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲਈ ਜਾ ਰਹੀ ਬੱਸ ਪੰਜਾਬ ਰੋਡਵੇਜ਼ ਮੋਗਾ ਡਿਪੂ ਦੀ ਬੱਸ ਨਾਲ ਟਕਰਾ ਗਈ। ਇਸ ਭਿਆਨਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੂਦ ਫਾਉਂਡੇਸ਼ਨ ਨੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਲਈ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ।
ਐਕਟਰ ਸੋਨੂੰ ਸੂਦ ਅਤੇ ਉਸਦੀ ਭੈਣ ਮਾਲਵਿਕਾ ਜ਼ਖ਼ਮੀਆਂ ਦੀ ਹਾਲਤ ਬਾਰੇ ਪੁੱਛਣ ਲਈ ਮੋਗਾ ਦੇ ਸਿਵਲ ਹਸਪਤਾਲ ਪਹੁੰਚੇ। ਸੂਦ ਅਤੇ ਉਸਦੀ ਭੈਣ ਮਾਲਵਿਕਾ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਹਨ। ਇਸਦੇ ਨਾਲ ਹੀ ਉਸਨੇ ਸੂਦ ਫਾਉਂਡੇਸ਼ਨ ਦੀ ਤਰਫੋਂ ਮ੍ਰਿਤਕਾਂ ਨੂੰ 50-50 ਹਜ਼ਾਰ ਰੁਪਏ, ਜ਼ਖ਼ਮੀਆਂ ਨੂੰ 25-25 ਹਜ਼ਾਰ ਰੁਪਏ ਅਤੇ ਮੋਬਾਈਲ ਫੋਨ ਦੇਣ ਦਾ ਐਲਾਨ ਕੀਤਾ।
ਦੱਸ ਦੱਈਏ ਕਿ ਸ਼ੁੱਕਰਵਾਰ ਸਵੇਰੇ ਸਾਢੇ ਸੱਤ ਵਜੇ ਕਾਂਗਰਸ ਦੇ ਵਰਕਰ ਮੋਗਾ ਤੋਂ ਇੱਕ ਮਿੰਨੀ ਬੱਸ ਵਿੱਚ ਚੰਡੀਗੜ੍ਹ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਲਈ ਜਾ ਰਹੇ ਸੀ। ਮਿਨੀ ਬੱਸ ਅਚਾਨਕ ਜਨੇਰ ਨੇੜੇ ਲਿੰਕ ਰੋਡ ਤੋਂ ਬਾਹਰ ਆ ਗਈ ਅਤੇ ਹਾਈਵੇਅ ‘ਤੇ ਆ ਗਈ। ਇਸ ਦੌਰਾਨ ਇੱਕ ਮਿੰਨੀ ਬੱਸ ਸਾਹਮਣੇ ਤੋਂ ਮੋਗਾ ਤੋਂ ਅੰਮ੍ਰਿਤਸਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ।
ਚਸ਼ਮਦੀਦਾਂ ਮੁਤਾਬਕ ਦੋਵੇਂ ਬੱਸਾਂ ਦੇ ਚਾਲਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚੀਕਾਂ ਸੁਣ ਕੇ ਆਸ ਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਮਦਦ ਲਈ ਪਹੁੰਚੇ ਅਤੇ ਦੋਵਾਂ ਬੱਸਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ। ਹਾਦਸੇ ਤੋਂ 30-40 ਮਿੰਟ ਬਾਅਦ ਹੀ ਐਂਬੂਲੈਂਸਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਤੁਰੰਤ ਮਥੁਰਾਦਾਸ ਸਿਵਲ ਹਸਪਤਾਲ ਲਿਆਂਦਾ।