ਬੁਢਲਾਡਾ 20 ਜੁਲਾਈ(ਸਾਰਾ ਯਹਾਂ/ਅਮਨ ਮੇਹਤਾ): ਪੰਜਾਬ ਭਰ ਵਿੱਚ ਕੋਰੋਨਾ ਦਾ ਕਹਿਰ ਭਾਵੇਂ ਚੱਲ ਰਿਹਾ ਹੈ ਪਰ ਸਕੂਲਾਂ ਵਿਚ ਮਾਣਯੋਗ ਸਿੱਖਿਆ ਸਕੱਤਰ ਦੇ ਯਤਨਾਂ ਸਦਕਾ ਗਣਿਤ ਪਾਰਕਾਂ ਦਾ ਨਿਰਮਾਣ ਲਗਾਤਾਰ ਜਾਰੀ ਹੈ ।ਅਧਿਆਪਕਾਂ ਦੁਆਰਾ ਕੋਰੋਨਾ ਕਾਲ ਵਿੱਚ ਗ਼ਰੀਬ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕੁਝ ਨਵਾਂ ਕਰਨ ਦੀ ਇੱਛਾ ਅਤੇ ਉੱਚ ਅਧਿਕਾਰੀਆਂ ਦੀ ਹੱਲਾਸ਼ੇਰੀ ਨਾਲ ਗਣਿਤ ਸੌਖਾ ਹੋਇਆ ਹੈ ।ਗਣਿਤ ਇਕ ਅਜਿਹਾ ਵਿਸ਼ਾ ਹੈ ਜਿਸ ਨੂੰ ਕਰ ਕੇ ਦੇਖਣ ਨਾਲ ਹੀ ਇਸ ਨੂੰ ਵਧੀਆ ਤਰੀਕੇ ਨਾਲ ਸਿੱਖਿਆ ਜਾ ਸਕਦਾ ਹੈ ।ਜਿੰਨੇ ਜ਼ਿਆਦਾ ਟੀਚਿੰਗ ਏਡ ਗਣਿਤ ਨੂੰ ਸਿਖਾਉਣ ਲਈ ਵਰਤੇ ਜਾਣਗੇ ਉਨ੍ਹਾਂ ਹੀ ਇਹ ਸੌਖਾ ਹੋਵੇਗਾ । ਸਕੂਲਾਂ ਦੀਆਂ ਬਿਲਡਿੰਗਾਂ ਜਿਨ੍ਹਾਂ ਵਿਚ ਕੋਣਾਂ ਦਾ, ਘਣ, ਘਣਾਵ, ਸ਼ੰਕੂ, ਬੇਲਣ ਆਦਿਕ ਦਾ ਸੰਕਲਪ ਸਾਫ਼ ਦਿਸ ਰਿਹਾ ਹੁੰਦਾ ਹੈ, ਅਧਿਆਪਕਾਂ ਨੇ ਉਨ੍ਹਾਂ ਚੀਜ਼ਾਂ ਨੂੰ ਤਰਾਸ਼ ਕੇ ਗਣਿਤ ਭਾਰਤੀ ਐਜੂਕੇਸ਼ਨਲ ਪਾਰਕਾਂ ਦਾ ਨਿਰਮਾਣ ਕੀਤਾ ਹੈ ।ਪੰਜਾਬ ਦੇ ਅਧਿਆਪਕਾਂ ਦੀ ਲਗਨ ਅਤੇ ਉਨ੍ਹਾਂ ਦੀ ਕੰਮ ਪ੍ਰਤੀ ਭਾਵਨਾ ਇਸ ਗੱਲ ਤੋਂ ਸਾਫ਼ ਦਿਖਾਈ ਦਿੰਦੀ ਹੈ ਕਿ ਉਹ ਛੁੱਟੀ ਵਾਲੇ ਦਿਨ ਵੀ ਐਜੂਕੇਸ਼ਨਲ ਪਾਰਕਾਂ ਦਾ ਨਿਰਮਾਣ ਕਰਵਾਉਣ ਵਿੱਚ ਲੱਗੇ ਹੋਏ ਹਨ ।ਵਿਭਾਗ ਦਾ ਕੋਈ ਵੀ ਕਰਮਚਾਰੀ ਭਾਵੇਂ ਉਹ ਜ਼ਿਲ੍ਹਾ ਸਿੱਖਿਆ ਅਫ਼ਸਰ ਹੋਵੇ ਜਾਂ ਆਮ ਅਧਿਆਪਕ ਹਰ ਸਮੇਂ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਨਵੀਂਆਂ ਨਵੀਂਆਂ ਤਕਨੀਕਾਂ ਬਾਰੇ ਸੋਚ ਰਿਹਾ ਹੈ । ਕੋਰੋਨਾ ਕਰਕੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਹੀਂ ਬੁਲਾਇਆ ਜਾ ਰਿਹਾ ਪ੍ਰੰਤੂ ਸਕੂਲਾਂ ਵਿੱਚ ਵਿਦਿਆਰਥੀ ਜਦੋਂ ਕਦੇ ਵੀ ਆਉਂਦੇ ਹਨ ਇਨ੍ਹਾਂ ਐਜੂਕੇਸ਼ਨਲ ਪਾਰਕਾਂ ਨੂੰ ਦੇਖ ਕੇ ਕੁਝ ਨਾ ਕੁਝ ਸਿੱਖ ਕੇ ਜਾਂਦੇ ਹਨ। ਇਹੀ ਨਹੀਂ ਅਧਿਆਪਕ ਵਿਦਿਆਰਥੀਆਂ
ਨੂੰ ਘਰ ਘਰ ਜਾ ਕੇ ਪੜ੍ਹਾ ਰਹੇ ਹਨ ਗ਼ਰੀਬ ਵਿਦਿਆਰਥੀਆਂ ਲਈ ਪੜ੍ਹਨ ਸਮੱਗਰੀ ਦਾ ਪ੍ਰਬੰਧ ਕਰਕੇ ਦੇ ਰਹੇ ਹਨ ਤਾਂ ਜੋ ਇਸ ਕੋਰੋਨਾ ਦੀ ਔਖੇ ਸਮੇਂ ਵਿੱਚ ਵੀ ਪੜ੍ਹਨ ਪੜ੍ਹਾਉਣ ਦੀ ਪ੍ਰਕਿਰਿਆ ਨਿਰੰਤਰ ਚਲਦੀ ਰਹੀ ।ਇਹ ਇੱਕ ਆਮ ਧਾਰਨਾ ਬਣ ਚੁੱਕੀ ਹੈ ਕਿ ਕੋਰੋਨਾ ਕਾਲ ਵਿੱਚ ਵਿਦਿਆਰਥੀਆਂ ਦਾ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ ਪਰੰਤੂ ਜੇਕਰ ਸਾਕਾਰਾਤਮਕ ਹੋ ਕੇ ਸੋਚੀਏ ਤਾਂ ਸਕੂਲਾਂ ਵਿਚ ਬਣੇ ਐਜੂਕੇਸ਼ਨਲ ਪਾਰਕਾਂ ਅਤੇ ਪੜ੍ਹਨ ਪੜ੍ਹਾਉਣ ਦੀਆਂ ਨਵੀਂਆਂ ਨਵੀਂਆਂ ਤਕਨੀਕਾਂ ਨੇ ਵਿਦਿਆਰਥੀਆਂ ਨੂੰ ਖ਼ੁਦ ਪੜ੍ਹਨ ਦੀ ਜਾਚ ਵੀ ਸਿਖਾਈ ਹੈ । ਸਾਰੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦੇਣ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਪੜ੍ਹਨ ਲਈ ਖ਼ੁਦ ਵੀ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ।ਵਿਦਿਆਰਥੀਆਂ ਨੂੰ ਵਿਹਲੇ ਸਮੇਂ ਵਿਚ ਮੋਬਾਇਲ ਤੋਂ ਦੂਰ ਕਰ ਕੇ ਰੱਖਣਾ ਅਤੇ ਕੁਝ ਨਾ ਕੁਝ ਚੰਗਾ ਸਿਖਾਉਣਾ ਮਾਤਾ ਪਿਤਾ ਦਾ ਵੀ ਫ਼ਰਜ਼ ਬਣਦਾ ਹੈ ।ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਸਰੀਰਕ ਨੁਕਸਾਨ ਹੋ ਰਿਹਾ ਹੈ । ਵਿਦਿਆਰਥੀ ਲਿਖਣਾ ਭੁੱਲ ਰਹੇ ਹਨ ਲਾਕਡਾਊਨ ਕਾਰਨ ਸਕੂਲ ਵਿੱਚ ਕੀਤੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਨਹੀਂ ਕਰਵਾਈਆਂ ਜਾ ਰਹੀਆਂ ।ਸੋ ਸਾਰੇ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਵਿਹਲੇ ਸਮੇਂ ਦੌਰਾਨ ਸਕੂਲਾਂ ਵਿੱਚ ਬਣੇ ਐਜੂਕੇਸ਼ਨਲ ਪਾਰਕਾਂ ਵਿੱਚ ਲੈ ਕੇ ਜਾਣ ਅਤੇ ਪੜ੍ਹਾਈ ਨਾਲ ਜੋੜ ਕੇ ਰੱਖਣ ।